ਸ੍ਰੀਨਗਰ ਵਿਖੇ ਅੱਤਵਾਦੀਆਂ ਨੇ ਸਰਕਾਰੀ ਸਕੂਲ ‘ਚ ਦਾਖ਼ਲ ਹੋ ਕੇ ਪ੍ਰਿੰਸੀਪਲ ਅਤੇ ਇਕ ਹੋਰ ਅਧਿਆਪਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਅਨੁਸਾਰ ਸ੍ਰੀਨਗਰ ਦੇ ਈਦਗਾਹ ਸੰਗਮ ਇਲਾਕੇ ‘ਚ ਸਥਿਤ ਸਰਕਾਰੀ ਹਾਈ ਸੈਕੰਡਰੀ ਸਕੂਲ ਈਦਗਾਹ (ਸੰਗਮ) ਵਿਖੇ ਵੀਰਵਾਰ ਸਵੇਰੇ 11 ਵਜੇ ਪਿਸਤੌਲ ਸਮੇਤ 2 ਅੱਤਵਾਦੀ ਸਕੂਲ ਅਹਾਤੇ ‘ਚ ਦਾਖ਼ਲ ਹੋਏ। ਅੱਤਵਾਦੀਆਂ ਨੇ ਉਥੇ ਕਮਰੇ ‘ਚ ਮੌਜੂਦ ਸਾਰੇ ਅਧਿਆਪਕਾਂ ਜਿਹੜੇ ਆਗਾਮੀ ਪ੍ਰੀਖਿਆਵਾਂ ਦੇ ਸੰਬੰਧ ‘ਚ ਮੀਟਿੰਗ ਕਰ ਰਹੇ ਸਨ, ਨੂੰ ਘੇਰ ਕੇ ਪ੍ਰਿੰਸੀਪਲ ਸਤਿੰਦਰ ਕੌਰ ਵਾਸੀ ਅਲੂਚਾਬਾਗ ਸ੍ਰੀਨਗਰ ਤੇ ਦੀਪਕ ਚੰਦ ਵਾਸੀ ਪਟੋਲੀ ਮੋੜ ਜਾਨੀਪੋਰਾ ਜੰਮੂ ਨੂੰ ਸਥਾਨਕ ਮੁਸਲਿਮ ਅਧਿਆਪਕਾਂ ‘ਚੋਂ ਵੱਖ ਕਰ ਕੇ ਕਤਾਰ ‘ਚ ਖੜ੍ਹੇ ਕਰ ਕੇ ਨੇੜਿਓਂ ਗੋਲੀਆਂ ਮਾਰ ਦਿੱਤੀਆਂ। ਇਨ੍ਹਾਂ ਨੂੰ ਤੁਰੰਤ ਸ੍ਰੀਨਗਰ ਦੇ ਸਿਕਿਮਸ ਸੋਵਰਾ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਕੂਲ ‘ਚ ਕੋਵਿਡ-19 ਦੇ ਚਲਦੇ ਕੋਈ ਵਿਦਿਆਰਥੀ ਮੌਜੂਦ ਨਹੀਂ ਸੀ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਸੁਰੱਖਿਆ ਬਲ ਇਲਾਕੇ ‘ਚ ਪਹੁੰਚ ਗਏ ਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਸ੍ਰੀਨਗਰ ਵਿਖੇ ਪਿਛਲੇ 72 ਘੰਟਿਆਂ ਦੌਰਾਨ ਅੱਤਵਾਦੀਆਂ ਵਲੋਂ ਤੀਜੀ ਵੱਡੀ ਮਿੱਥ ਕੇ ਹੱਤਿਆ ਕਰਨ ਦੀ ਘਟਨਾ ਹੈ। ਇਸ ਘਟਨਾ ਨੇ ਵਾਦੀ ‘ਚ ਘੱਟ ਗਿਣਤੀ ਭਾਈਚਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਉਨ੍ਹਾਂ ‘ਚ ਗੁੱਸੇ ਦੀ ਲਹਿਰ ਹੈ। ਮ੍ਰਿਤਕ ਪ੍ਰਿੰਸੀਪਲ ਦੇ ਘਰ ਸਥਿਤ ਅਲੂਚਾਬਾਗ ਸ੍ਰੀਨਗਰ ਵਿਖੇ ਲੋਕਾਂ ਨੇ ਇਸ ਅਣ-ਮਨੁੱਖੀ ਕਾਰਵਾਈ ਦੇ ਵਿਰੋਧ ‘ਚ ਰੋਸ ਮੁਜ਼ਾਹਰਾ ਕੀਤਾ। ਸਤਿੰਦਰ ਕੌਰ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਉਹ ਆਪਣੇ ਪਿੱਛੇ 2 ਛੋਟੇ ਬੱਚੇ ਲੜਕਾ (6) ਤੇ ਲੜਕੀ (8) ਛੱਡ ਗਈ ਹੈ
