ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਸੀ.ਐਮ. ਚਰਨਜੀਤ ਸਿੰਘ ਚੰਨੀ ਵਿਚਾਲੇ ਸ਼ੁਰੂ ਹੋਇਆ ਤਣਾਅ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਬੀਤੇ ਕੱਲ੍ਹ ਸੀ.ਐਮ. ਮਾਨ ਵਲੋਂ ਚੰਨੀ ਨੂੰ 31 ਮਈ ਤੱਕ ਦੇ ਦਿੱਤੇ ਅਲਟੀਮੇਟਮ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਨੇ ਇਕ ਪ੍ਰੈੱਸ ਵਾਰਤਾ ਕੀਤੀ ਜਿਸ ਵਿਚ ਉਹਨਾਂ ਨੇ ਮੁੱਖ ਮੰਤਰੀ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਸਾਬਕਾ ਸੀ.ਐਮ. ਚਰਨਜੀਤ ਚੰਨੀ ਨੇ ਜਵਾਬ ਦਿੰਦਿਆਂ ਆਪਣੇ ‘ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਚੰਨੀ ਨੇ ਕਿਹਾ ਕਿ ਉਨ੍ਹਾਂ ‘ਤੇ ਲੱਗੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਸਾਰੇ ਦੋਸ਼ ਝੂਠੇ ਹਨ, ਉਨ੍ਹਾਂ ਦੇ ਭਤੀਜੇ ਨੇ ਵੀ ਅਜਿਹਾ ਕੁਝ ਨਹੀਂ ਕੀਤਾ, ਜਿਵੇਂ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ। ਚੰਨੀ ਦਾ ਕਹਿਣਾ ਹੈ ਕਿ ਉਸ ਦੇ ਭਤੀਜੇ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਕੇਸ ਦਰਜ ਕਰੋ। ਚੰਨੀ ਨੇ ਕਿਹਾ ਕਿ ਮੈਂ ਅੱਜ ਤੱਕ ਕਿਸੇ ਤੋਂ ਇੱਕ ਰੁਪਿਆ ਵੀ ਰਿਸ਼ਵਤ ਨਹੀਂ ਲਈ ਹੈ। ਮੈਂ ਅਜਿਹੇ ਝੂਠੇ ਇਲਜ਼ਾਮਾਂ ਤੋਂ ਘਬਰਾਉਣ ਵਾਲਾ ਨਹੀਂ ਅਤੇ ਨਾ ਹੀ ਭੱਜਣ ਵਾਲਾ ਹਾਂ।
ਦਸ ਦਈਏ ਕਿ ਸੀ.ੳਮ. ਮਾਨ ਨੇ ਸਾਬਕਾ ਮੁੱਖ ਮੰਤਰੀ ਚੰਨੀ ‘ਤੇ ਇਹ ਇਲਜ਼ਾਮ ਲਗਾਏ ਹਨ ਕਿ ਚੰਨੀ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਇਕ ਖਿਡਾਰੀ ਤੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ। ਹਾਲਾਂਕਿ, ਚੰਨੀ ਨੇ ਇਹਨਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਪਰ ਬੀਤੇ ਕੱਲ੍ਹ ਸੀਐਮ ਮਾਨ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਭਤੀਜੇ ਵੱਲੋਂ ਖਿਡਾਰੀ ਤੋਂ ਪੈਸੇ ਮੰਗਣ ਬਾਰੇ ਜਾਣਕਾਰੀ ਜਨਤਕ ਕਰਨ ਲਈ ਕਿਹਾ ਹੈ। ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਖੁਦ ਪੰਜਾਬ ਦੇ ਸਾਹਮਣੇ ਪੂਰੀ ਜਾਣਕਾਰੀ ਸਾਂਝੀ ਕਰਨਗੇ।
