ਨਵਜੋਤ ਸਿੰਘ ਸਿੱਧੂ ਵਲੋਂ ਅੱਜ ਅਚਾਨਕ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਕੀਤੇ ਐਲਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਹੁਦਾ ਵਾਪਸ ਲੈਣ ਤੋਂ ਬਾਅਦ ਇਕ ਹੋਰ ਵੱਡਾ ਭੁਚਾਲ ਲੈ ਆਂਦਾ ਹੈ | ਸਿੱਧੂ ਦੇ ਅਸਤੀਫ਼ੇ ਦੇ ਸਮਰਥਨ ਵਿਚ ਇਕ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਸਿੱਧੂ ਵਲੋਂ ਕੁਝ ਦਿਨ ਪਹਿਲਾਂ ਐਲਾਨੇ ਗਏ ਪਾਰਟੀ ਦੇ ਜਨਰਲ ਸਕੱਤਰ ਜੋਗਿੰਦਰ ਢੀਂਗਰਾ ਅਤੇ ਖ਼ਜ਼ਾਨਚੀ ਗੁਲਜ਼ਾਰ ਇੰਦਰ ਚਾਹਲ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਿਆਂ ਦਾ ਐਲਾਨ ਕਰ ਦਿੱਤਾ | ਪੰਜਾਬ ਸਰਕਾਰ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਉਭਰੇ ਕਈ ਸ਼ਕਤੀ ਕੇਂਦਰਾਂ ਦੀ ਰਾਜ ਸਰਕਾਰ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੀਆਂ ਲਗਾਤਾਰ ਚੱਲ ਰਹੀਆਂ ਪਰਸਪਰ ਵਿਰੋਧੀ ਕੋਸ਼ਿਸ਼ਾਂ ਨੂੰ ਅੱਜ ਦੇ ਘਟਨਾਕ੍ਰਮ ਲਈ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ | ਰਾਜ ਦੇ ਵਜ਼ਾਰਤੀ ਹਲਕਿਆਂ ਵਿਚ ਅੱਜ ਇਸ ਗੱਲ ਦੀ ਚਰਚਾ ਸੀ ਕਿ ਸ: ਸਿੱਧੂ ਉਨ੍ਹਾਂ ਦੀਆਂ ਕੁਝ ਤਜਵੀਜ਼ਾਂ ਨੂੰ ਅੱਖੋਂ ਪਰੋਖੇ ਕੀਤੇ ਜਾਣ ਕਾਰਨ ਨਾਰਾਜ਼ ਸਨ ਅਤੇ ਉਨ੍ਹਾਂ ਵਲੋਂ ਮੁੱਖ ਤੌਰ ‘ਤੇ ਰਾਜ ਦੇ ਐਡਵੋਕੇਟ ਜਨਰਲ ਏ.ਪੀ.ਐਸ ਦਿਓਲ ਦੀ ਨਿਯੁਕਤੀ ਅਤੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਅਤੇ ਦੋ ਕੈਬਨਿਟ ਮੰਤਰੀਆਂ ਜਿਨ੍ਹਾਂ ਦੀ ਕੈਪਟਨ ਸਰਕਾਰ ਦੌਰਾਨ ਕਾਰਗੁਜ਼ਾਰੀ ਦੋਸ਼ਾਂ ਦੇ ਘੇਰੇ ਵਿਚ ਰਹੀ ਨੂੰ ਦੁਬਾਰਾ ਉਹ ਵਿਭਾਗ ਵਾਪਸ ਦਿੱਤੇ ਜਾਣ ਨੂੰ ਸਿੱਧੂ ਦੇ ਅਸਤੀਫ਼ੇ ਦਾ ਕਾਰਨ ਸਮਝਿਆ ਜਾ ਰਿਹਾ ਹੈ | ਕੁਝ ਇਕ ਹੋਰ ਮੰਤਰੀਆਂ ਦਾ ਵੀ ਕਹਿਣਾ ਹੈ ਕਿ ਜੋ ਵਕੀਲ ਬਰਗਾੜੀ ਮਾਮਲੇ ਵਿਚ ਸਰਕਾਰ ਦੇ ਵਿਰੁੱਧ ਕੇਸ ਲੜ ਰਿਹਾ ਸੀ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਦਾ ਵਕੀਲ ਸੀ ਉਸ ਨੂੰ ਹੀ ਐਡਵੋਕੇਟ ਜਨਰਲ ਲਗਾਉਣਾ ਵਾਜਬ ਨਹੀਂ ਸੀ | ਚਰਚਾ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮੌਜੂਦਾ ਡੀ.ਜੀ.ਪੀ ਦੀ ਚੋਣ ਸਬੰਧੀ ਵੀ ਇਤਰਾਜ਼ ਹਨ | ਇਸੇ ਤਰ੍ਹਾਂ ਉਨ੍ਹਾਂ ਦੇ ਸਮਰਥਕ ਕੁਲਜੀਤ ਸਿੰਘ ਨਾਗਰਾ ਨੂੰ ਮੰਤਰੀ ਨਾ ਬਣਾਏ ਜਾਣ ਤੋਂ ਵੀ ਸਿੱਧੂ ਨਾਖ਼ੁਸ਼ ਸਮਝੇ ਜਾਂਦੇ ਹਨ, ਜਦੋਂ ਕਿ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਸਬੰਧੀ ਉਹ ਇਤਰਾਜ਼ ਉਠਾ ਰਹੇ ਹਨ | ਸੂਚਨਾ ਅਨੁਸਾਰ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਸਾਥੀ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਨੂੰ ਵੀ ਅੱਜ ਸ਼ਾਮ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਮਨਾਉਣ ਲਈ ਪਟਿਆਲਾ ਭੇਜਿਆ ਗਿਆ | ਹਾਲਾਂਕਿ ਉਸ ਤੋਂ ਬਾਅਦ ਚਰਚਾ ਇਹ ਵੀ ਸੀ ਕਿ ਹਾਈਕਮਾਨ ਵਲੋਂ ਵੀ ਮੁੱਖ ਮੰਤਰੀ ਨੂੰ ਕਿਹਾ ਗਿਆ ਹੈ ਕਿ ਉਹ ਵੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ | ਲੇਕਿਨ ਬਹੁਤੇ ਮੰਤਰੀਆਂ ਅਤੇ ਦੂਜੇ ਸੀਨੀਅਰ ਕਾਂਗਰਸੀ ਆਗੂਆਂ ਦਾ ਵਿਚਾਰ ਹੈ ਕਿ ਨਵਜੋਤ ਸਿੰਘ ਸਿੱਧੂ ਵਲੋਂ ਜਿਸ ਢੰਗ ਨਾਲ ਅਸਤੀਫ਼ਾ ਦੇ ਕੇ ਪਾਰਟੀ ਅੰਦਰਲੀ ਅੰਦਰੂਨੀ ਖਿੱਚੋਤਾਣ ਨੂੰ ਖੁੱਲ੍ਹ ਕੇ ਸਾਹਮਣੇ ਲਿਆਂਦਾ ਗਿਆ ਹੈ ਉਸ ਨਾਲ ਪਾਰਟੀ ਦਾ ਨੁਕਸਾਨ ਹੋਇਆ ਹੈ ਅਤੇ ਅਜਿਹੀ ਕਾਰਵਾਈ ਤੋਂ ਬਚਿਆ ਜਾਣਾ ਚਾਹੀਦਾ ਸੀ | ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਜੋ ਅੱਜ ਸ਼ਾਮ ਸ਼ਿਮਲਾ ਤੋਂ ਦਿੱਲੀ ਪੁੱਜੇ, ਵਲੋਂ ਵੀ ਸੂਚਨਾ ਅਨੁਸਾਰ ਪੰਜਾਬ ਕਾਂਗਰਸ ਵਿਚਲੀ ਇਸ ਹਲਚਲ ‘ਤੇ ਨਜ਼ਰ ਰੱਖੀ ਜਾ ਰਹੀ ਹੈ | ਮੁੱਖ ਮੰਤਰੀ ਨੇ ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਦਾ ਜੇਕਰ ਕੋਈ ਮੁੱਦਾ ਹੋਵੇਗਾ ਵੀ ਤਾਂ ਉਸ ਨੂੰ ਗੱਲਬਾਤ ਨਾਲ ਹੱਲ ਕਰ ਲਿਆ ਜਾਵੇਗਾ ਅਤੇ ਮੀਡੀਆ ਇਸ ਨੂੰ ਪਹਾੜ ਨਾ ਬਣਾਵੇ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਕ ਬਿਆਨ ਵਿਚ ਕਿਹਾ ਕਿ ਉਹ ਤਾਂ ਪਹਿਲਾਂ ਹੀ ਇਹ ਕਹਿ ਰਹੇ ਸਨ ਕਿ ਨਵਜੋਤ ਸਿੰਘ ਸਿੱਧੂ ਇਕ ਸੰਤੁਲਿਤ ਸਿਆਸਤਦਾਨ ਨਹੀਂ ਹੈ ਅਤੇ ਮੇਰੇ ਕਹੇ ਸ਼ਬਦ ਬਹੁਤ ਛੇਤੀ ਹੀ ਸਹੀ ਸਾਬਤ ਹੋ ਗਏ | ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਰਾਤ ਜਾਂ ਕੱਲ੍ਹ ਸਵੇਰੇ ਖ਼ੁਦ ਵੀ ਪਟਿਆਲਾ ਜਾ ਸਕਦੇ ਹਨ, ਲੇਕਿਨ ਉਹ ਇਸ ਲਈ ਪਰਗਟ ਸਿੰਘ ਦੀ ਗੱਲਬਾਤ ਦਾ ਇੰਤਜ਼ਾਰ ਕਰ ਰਹੇ ਹਨ | ਮੁੱਖ ਮੰਤਰੀ ਵਲੋਂ ਕੱਲ੍ਹ ਸਵੇਰੇ 10:30 ਵਜੇ ਮੰਤਰੀ ਮੰਡਲ ਦੀ ਵੀ ਇਕ ਅਹਿਮ ਬੈਠਕ ਸੱਦੀ ਗਈ ਹੈ |
