ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਰਨਾਟਕ ਹਾਈਕੋਰਟ ਵਲੋਂ ਹਿਜ਼ਾਬ ਪਾਬੰਦੀ ਦੇ ਮਾਮਲੇ ਵਿਚ ਸੁਣਵਾਈ ਦੌਰਾਨ ਕਿਹਾ ਕਿ ਸਿੱਖ ਧਰਮ ਦੀਆਂ ਆਸਥਾਵਾਂ ਨਾਲ ਤੁਲਨਾ ਕਰਨਾ ਠੀਕ ਨਹੀਂ ਹੈ ਕਿਉਂਕਿ ਸਿੱਖ ਭਾਰਤੀ ਸੱਭਿਆਚਾਰ ਵਿਚ ਗਹਿਰਾਈ ਨਾਲ ਸਮਾ ਗਏ ਹਨ | ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪਟੀਸ਼ਨਕਰਤਾਵਾਂ ਨੂੰ ਮੁਸਲਿਮ ਅਤੇ ਸਿੱਖ ਧਾਰਮਿਕ ਆਸਥਾਵਾਂ ਵਿਚਕਾਰ ਸਮਾਨਤਾ ਨਾ ਬਣਾਉਣ ਲਈ ਕਿਹਾ | ਸੂਬੇ ਵਿਚ ਸਿੱਖਿਆ ਸੰਸਥਾਵਾਂ ਵਿਚ ਹਿਜ਼ਾਬ ਤੋਂ ਪਾਬੰਦੀ ਹਟਾਉਣ ਤੋਂ ਇਨਕਾਰ ਕਰਨ ਵਾਲੀਆਂ ਕਰਨਾਟਕ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਹੋ ਰਹੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਬੈਂਚ ਨੇ ਸਿੱਖਾਂ ਦੇ ਪੰਜ ਕੱਕਿਆਂ- ਕੇਸ, ਕੜਾ, ਕੰਘਾ, ਕਿ੍ਪਾਨ ਅਤੇ ਕਛਹਿਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਚੰਗੀ ਤਰ੍ਹਾਂ ਸਥਾਪਿਤ ਹੋ ਚੁੱਕੇ ਹਨ | ਜਸਟਿਸ ਹੇਮੰਤ ਗੁਪਤਾ ਅਤੇ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਇਕ ਐਡਵੋਕੇਟ ਨੇ ਸਿੱਖ ਧਰਮ ਅਤੇ ਦਸਤਾਰ ਦੀ ਉਦਾਹਰਨ ਦੇਣ ਦੀ ਕੋਸ਼ਿਸ਼ ਕੀਤੀ | ਬੈਂਚ ਨੇ ਕਿਹਾ ਕਿ ਸਿੱਖਾਂ ਦੀ ਦਸਤਾਰ ਨਾਲ ਹਿਜ਼ਾਬ ਦੀ ਤੁਲਨਾ ਕਰਨਾ ਠੀਕ ਨਹੀਂ ਹੈ | ਬੈਂਚ ਨੇ ਆਰਟੀਕਲ 25 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੰਵਿਧਾਨ ਨੇ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਦੀ ਆਗਿਆ ਦਿੱਤੀ ਹੈ | ਬੈਂਚ ਨੇ ਕਿਹਾ ਕਿ ਇਨ੍ਹਾਂ ਆਸਥਾਵਾਂ ਦੀ ਤੁਲਨਾ ਨਾ ਕਰੋ ਕਿਉਂਕਿ ਇਨ੍ਹਾਂ ਨੂੰ 100 ਸਾਲਾਂ ਤੋਂ ਮਾਨਤਾ ਪ੍ਰਾਪਤ ਹੈ |
