ਫਿਲਪੀਨਜ਼ ਦੀ ਪੱਤਰਕਾਰ ਮਾਰੀਆ ਰੇਸਾ ਅਤੇ ਰੂਸੀ ਪੱਤਰਕਾਰ ਦਮਿਤ੍ਰੀ ਮੁਰਾਤੋਵ ਨੂੰ ਸ਼ੁੱਕਰਵਾਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਨਾਰਵੇ ਦੀ ਨੋਬਲ ਕਮੇਟੀ ਨੇ ਪੁਰਸਕਾਰ ਦੇਣ ਲਈ ਪ੍ਰਗਟਾਵੇ ਦੀ ਆਜ਼ਾਦੀ ਲਈ ਉਨ੍ਹਾਂ ਦੇ ਸੰਘਰਸ਼ ਦਾ ਹਵਾਲਾ ਦਿੱਤਾ ਹੈ | ਕਮੇਟੀ ਦੇ ਪ੍ਰਧਾਨ ਬੇਰਿਟ ਰਾਇਸ ਐਂਡਰਸਨ ਨੇ ਕਿਹਾ ਕਿ ਸੁਤੰਤਰਤਾ ਅਤੇ ਤੱਥ ਅਧਾਰਿਤ ਪੱਤਰਕਾਰਿਤਾ ਸੱਤਾ ਦੀ ਦੁਰਵਰਤੋਂ, ਝੂਠ ਅਤੇ ਯੁੱਧ ਦੇ ਕੂੜ ਪ੍ਰਚਾਰ ਤੋਂ ਬਚਾਉਣ ਦਾ ਕੰਮ ਕਰਦੀ ਹੈ | ਉਨ੍ਹਾਂ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਅਤੇ ਪ੍ਰੱੈਸ ਦੀ ਸੁਤੰਤਰਤਾ ਦੇ ਬਿਨਾਂ, ਰਾਸ਼ਟਰਾਂ ਦਰਮਿਆਨ ਭਾਈਚਾਰੇ ਨੂੰ ਸਫ਼ਲਤਾਪੂਰਵਕ ਬੜਾਵਾ ਦੇਣਾ ਅਤੇ ਸਫਲ ਹੋਣ ਲਈ ਇਕ ਬਿਹਤਰ ਵਿਵਸਥਾ ਨੂੰ ਬੜਾਵਾ ਦੇਣਾ ਮੁਸ਼ਕਿਲ ਹੋਵੇਗਾ | ਨੋਬਲ ਕਮੇਟੀ ਨੇ ਕਿਹਾ ਕਿ 2012 ‘ਚ ਰੇਸਾ ਸਹਿ-ਸੰਸਥਾਪਕ ਸਮਾਚਾਰ ਵੈੱਬਸਾਈਟ ‘ਰੈਪਲਰ’ ਨੇ (ਰਾਸ਼ਟਰਪਤੀ ਰੋਡਰਿਗੋ) ਦੁਤਰਤੇ ਸ਼ਾਸਨ ਦੇ ਵਿਵਾਦਿਤ, ਜਾਨਲੇਵਾ ਨਸ਼ੀਲੀਆਂ ਦਵਾਈਆਂ ਦੇ ਵਿਰੁੱਧ ਅਭਿਆਨ ‘ਤੇ ਆਲੋਚਨਾਤਮਕ ਨਜ਼ਰੀਏ ਤੋਂ ਧਿਆਨ ਕੇਂਦਰਿਤ ਕੀਤਾ ਹੈ | ਉਨ੍ਹਾਂ ਅਤੇ ਰੈਪਲਰ ਨੇ ਇਹ ਵੀ ਸਾਬਤ ਕੀਤਾ ਕਿ ਕਿਵੇਂ ਫਰਜ਼ੀ ਖ਼ਬਰਾਂ ਦੇ ਪ੍ਰਚਾਰ, ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨ ਅਤੇ ਜਨਤਕ ਸੰਵਾਦਾਂ ਨੂੰ ਹੇਰਫੇਰ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ |
