ਸਰਕਾਰ ਨੇ ਲੋਕ ਸਭਾ ‘ਚ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਮੇਤ ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਇਕ ਹਕੀਕਤ ਹੈ ਅਤੇ ਅਧਿਕਾਰਤ ਰਿਕਾਰਡ ਦੀ ਮੌਜੂਦਗੀ ਜਾਂ ਗੈਰ ਮੌਜੂਦਗੀ ‘ਤੇ ਨਿਰਭਰ ਨਹੀਂ ਹੈ | ਉਨ੍ਹਾਂ ਦਾ ਕੱਦ ਕਿਸੇ ਵੀ ਪੁਰਸਕਾਰ, ਖ਼ਿਤਾਬ ਜਾਂ ਅਹੁਦੇ ਤੋਂ ਬਹੁਤ ਉੱਪਰ ਹੈ | ਕੇਂਦਰੀ ਗ੍ਰਹਿ ਮੰਤਰੀ ਅਜੇ ਕੁਮਾਰ ਮਿਸ਼ਰਾ ਨੇ ਇਕ ਸਵਾਲ ਦੇ ਲਿਖਤੀ ਜਵਾਬ ‘ਚ ਕਿਹਾ ਕਿ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਅਤੇ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ‘ਚ ਉਨ੍ਹਾਂ ਦਾ ਬਹੁਮੁੱਲਾ ਯੋਗਦਾਨ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਇਕ ਅਟੁੱਟ ਹਿੱਸਾ ਹੈ ਅਤੇ ਇਹ ਭਾਰਤ ਦੇ ਇਤਿਹਾਸ ‘ਚ ਜਾਣਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ‘ਚ ਉਨ੍ਹਾਂ ਦੀ ਸ਼ਹਾਦਤ ਇਕ ਹਕੀਕਤ ਹੈ ਅਤੇ ਇਹ ਅਧਿਕਾਰਤ ਰਿਕਾਰਡ ਮੌਜੂਦਗੀ ਜਾਂ ਗੈਰ ਮੌਜੂਦਗੀ ‘ਤੇ ਨਿਰਭਰ ਨਹੀਂ ਹੈ | ਉਨ੍ਹਾਂ ਦਾ ਕੱਦ ਇਸ ਸੰਬੰਧ ‘ਚ ਦਿੱਤੇ ਗਏ ਕਿਸੇ ਵੀ ਪੁਰਸਕਾਰ, ਖ਼ਿਤਾਬ ਜਾਂ ਅਹੁਦੇ ਤੋਂ ਬਹੁਤ ਉੱਪਰ ਹੈ | ਭਾਜਪਾ ਦੇ ਸੰਸਦ ਮੈਂਬਰ ਜਿਓਤੀਮਯ ਸਿੰਘ ਮਹਤੋ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਨੇ ਆਜ਼ਾਦੀ ਦੀ ਲੜਾਈ ‘ਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਬਹਾਦਰਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ, ਜਿਸ ਦੇ ਜਵਾਬ ‘ਚ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਹਮੇਸ਼ਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ੁਕਰਗੁਜ਼ਾਰ ਰਹੇਗਾ ਅਤੇ ਉਨ੍ਹਾਂ ਦਾ ਨਾਂਅ ਦੇਸ਼ ਦੇ ਇਤਿਹਾਸ ‘ਚ ਹਮੇਸ਼ਾ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਵੇਗਾ |
