18 ਮਾਰਚ ਤੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਬੀਤੇ ਕੱਲ੍ਹ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਪੰਜਾਬ ਸੀ.ਐਮ. ਭਗਵੰਤ ਮਾਨ ਨੇ ਲਾਈਵ ਆਕੇ ਇਸ ਮੁੱਦੇ ‘ਤੇ ਆਪਣਾ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਆਪਰੇਸ਼ਨ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਦੀ ਤਾਰੀਫ਼ ਵੀ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 18 ਮਾਰਚ ਨੂੰ ਹੀ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਸਕਦੀ ਸੀ, ਪਰ ਉਹ ਕਦੇ ਵੀ ਖ਼ੂਨ-ਖ਼ਰਾਬਾ ਨਹੀਂ ਹੋਣ ਦੇਣਾ ਚਾਹੁੰਦੇ ਸਨ ਅਤੇ ਅੱਜ ਇੱਕ ਵੀ ਗੋਲੀ ਚਲਾਏ ਬਿਨਾਂ ਗ੍ਰਿਫ਼ਤਾਰ ਕਰ ਲਿਆ ਗਿਆ। ਉਹਨਾਂ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਮਾਨ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਸੂਚਨਾ ਮਿਲਣ ਤੋਂ ਬਾਅਦ ਮੈਂ ਪੂਰੀ ਰਾਤ ਸੁੱਤਾ ਨਹੀਂ ਅਤੇ ਲਗਾਤਾਰ ਹਰ 15 ਮਿੰਟ, ਅੱਧੇ ਘੰਟੇ ਅਤੇ ਇਕ ਘੰਟੇ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਫੋਨ ‘ਤੇ ਸੰਪਰਕ ਕਰਕੇ ਜਾਣਕਾਰੀ ਹਾਸਲ ਕਰਦਾ ਰਿਹਾ।”
'ਆਪ' ਸਰਕਾਰ ਲੋਕਾਂ ਦੀ ਸੁਰੱਖਿਆ ਤੇ ਅਮਨ ਕਾਨੂੰਨ ਲਈ ਕੰਮ ਕਰ ਰਹੀ ਹੈ ਤੇ ਇਹ ਸਾਡੀ ਜ਼ਿੰਮੇਵਾਰੀ ਤੇ ਫ਼ਰਜ਼ ਵੀ ਹੈ…Live @arvindkejriwal https://t.co/euFcPJvTel
— Bhagwant Mann (@BhagwantMann) April 23, 2023
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਅਜਨਾਲਾ ਥਾਣੇ ’ਤੇ ਹਮਲਾ ਕੀਤਾ ਸੀ। ਉਨ੍ਹਾਂ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਕਿਸੇ ਵੀ ਸੂਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਹੋਵੇ। ਮੁੱਖ ਮੰਤਰੀ ਨੇ ਸੰਕਟ ਦੀ ਇਸ ਘੜੀ ਵਿਚ ਸ਼ਾਂਤੀ ਅਤੇ ਸੰਜਮ ਵਰਤਣ ਲਈ ਸੂਬੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਮੁੱਖ ਮੰਤਰੀ ਨੇ ਸੁਨੇਹਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਧਰਮ ਦੇ ਨਾਂ ’ਤੇ ਚਲਾਈਆਂ ਜਾ ਰਹੀਆਂ ਨਫ਼ਰਤ ਦੀਆਂ ਫ਼ੈਕਟਰੀਆਂ ਦਾ ਕੱਚਾ ਮਾਲ ਨਹੀਂ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਲੋਕਾਂ ਨੂੰ ਫ਼ਿਰਕੂ ਲੀਹਾਂ ’ਤੇ ਵੰਡ ਸਕਦੀਆਂ ਹਨ, ਪਰ ਅਜਿਹਾ ਪੰਜਾਬ ’ਚ ਕਿਸੇ ਵੀ ਕੀਮਤ ਉੱਤੇ ਸੰਭਵ ਨਹੀਂ ਕਿਉਂਕਿ ਅਮਨ ਪਸੰਦ ਪੰਜਾਬੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।
