ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਰੋਜ਼ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਗਾਇਕ ਕਰਨ ਔਜਲਾ ਵਿਵਾਦਾਂ ਵਿੱਚ ਘਿਰ ਗਏ ਹਨ। ਜਿਸ ਵਿੱਚ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਭਗੌੜੇ ਅਨਮੋਲ ਬਿਸ਼ਨੋਈ ਦੇ ਨਾਲ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਕਰਨ ਔਜਲਾ ਦਾ ਇਹ ਸ਼ੋਅ ਕੈਲੀਫੋਰਨੀਆ ਦੇ ਬੇਕਰਸਫੀਲਡ ’ਚ ਹੋਇਆ ਸੀ।

ਹਾਲਾਂਕਿ, ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਸ ’ਤੇ ਕਰਨ ਔਜਲਾ ਨੇ ਸਫਾਈ ਵੀ ਦਿੱਤੀ ਹੈ। ਕਰਨ ਔਜਲਾ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਕਿਹਾ ਕਿ ਉਨ੍ਹਾਂ ਦਾ ਇਸ ਸ਼ਖ਼ਸ ਨਾਲ ਕੋਈ ਸਬੰਧ ਨਹੀਂ ਹੈ। ਇਸ ਵਿਵਾਦ ਦੇ ਜਵਾਬ ਵਿੱਚ ਔਜਲਾ ਨੇ ਇੱਕ ਬਿਆਨ ਜਾਰੀ ਕਰਕੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। “ਮੈਂ ਨਹੀਂ ਸੋਚਿਆ ਕਿ ਮੈਨੂੰ ਇਸ ਦੀ ਜ਼ਰੂਰਤ ਹੈ ਪਰ ਬਹੁਤ ਸਾਰੀਆਂ ਪੋਸਟਾਂ ਅਤੇ ਸੰਦੇਸ਼ਾਂ ਨੂੰ ਵੇਖਣ ਤੋਂ ਬਾਅਦ ਮੈਂ ਸਿਰਫ ਐਤਵਾਰ ਨੂੰ ਬੇਕਰਸਫੀਲਡ, CA ਵਿੱਚ ਇੱਕ ਸਮਾਗਮ ਬਾਰੇ ਸਪੱਸ਼ਟ ਕਰਨਾ ਚਾਹੁੰਦਾ ਹਾਂ,” ਉਸਨੇ ਕਿਹਾ। “ਇੱਕ ਕਲਾਕਾਰ ਹੋਣ ਦੇ ਨਾਤੇ, ਸਾਨੂੰ ਇਹ ਪਤਾ ਨਹੀਂ ਹੈ ਕਿ ਸਾਡੇ ਲਈ ਬੁੱਕ ਕੀਤੇ ਗਏ ਵਿਆਹ ਦੇ ਸ਼ੋਆਂ ਵਿੱਚ ਕੌਣ ਭਾਗ ਲੈ ਰਿਹਾ ਹੈ ਜਾਂ ਸੱਦਾ ਦੇ ਰਿਹਾ ਹੈ, ਇਸ ਲਈ ਮੈਂ ਬਹੁਤ ਸਾਰੇ ਵਿਆਹ ਦੇ ਸ਼ੋਅ ਕਰਨ ਨੂੰ ਤਰਜੀਹ ਕਿਉਂ ਨਹੀਂ ਦਿੰਦਾ ਹਾਂ।” ਔਜਲਾ ਨੇ ਅੱਗੇ ਕਿਹਾ ਕਿ ਉਹ ਅਨਮੋਲ ਬਿਸ਼ਨੋਈ ਦੇ ਪਿਛੋਕੜ ਬਾਰੇ ਉਦੋਂ ਤੱਕ ਨਹੀਂ ਜਾਣਦਾ ਸੀ ਜਦੋਂ ਤੱਕ ਉਸਨੇ ਸੋਸ਼ਲ ਮੀਡੀਆ ‘ਤੇ ਵੀਡੀਓ ਨਹੀਂ ਦੇਖਿਆ।

ਦਸ ਦਈਏ ਕਿ ਅਨਮੋਲ ਬਿਸ਼ਨੋਈ ਕਈ ਮਹੀਨਿਆਂ ਤੋਂ ਸੁਰਖੀਆਂ ‘ਚ ਬਣੇ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲੋੜੀਂਦਾ ਹੈ। ਪੰਜਾਬੀ ਗਾਇਕ ਮੂਸੇਵਾਲਾ ਦੀ ਪਿਛਲੇ ਸਾਲ ਮਈ ਵਿੱਚ ਮਾਨਸਾ ਦੇ ਇੱਕ ਪਿੰਡ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਹੀ ਪੁਲਿਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਕਰ ਰਹੀ ਹੈ।
