ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਰੋਹ ਵਿਚ ਸੱਦਾ ਨਾ ਦੇਣ ‘ਤੇ ਸਿਆਸਤ ਗਰਮਾ ਚੁੱਕੀ ਹੈ। ਦੇਸ਼ ਦੀਆਂ 19 ਵਿਰੋਧੀਆਂ ਪਾਰਟੀਆਂ ਵਲੋਂ 28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਸੰਸਦ ਭਵਨ ਦੇ ਉਦਘਾਟਨ ਸਮਾਗਮ ਖਿਲਾਫ ਡਟਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਇਸ ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕਰੇਗਾ। ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ। ਉਹਨਾਂ ਦੱਸਿਆ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਮਾਣ ਵਾਲਾ ਮੌਕਾ ਹੈ, ਜਿਸ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਡਾ. ਚੀਮਾ ਨੇ ‘ਆਪ’ ਤੇ ਕਾਂਗਰਸ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ‘ਆਪ’ ਰਾਸ਼ਟਰਪਤੀ ਦੇ ਮਾਣ ਸਤਿਕਾਰ ਦੀ ਗੱਲ ਕਰ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਪਹਿਲੇ ਨਾਗਰਿਕ ਦਾ ਕਿੰਨਾ ਸਤਿਕਾਰ ਕਰਦੇ ਹਨ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਉਹ ਪਹਿਲੀ ਵਾਰ ਸੂਬੇ ਦੇ ਦੌਰੇ ’ਤੇ ਆਏ ਸਨ ਤਾਂ ਮੁੱਖ ਮੰਤਰੀ ਉਨ੍ਹਾਂ ਦਾ ਸਵਾਗਤ ਕਰਨ ਤੱਕ ਨਹੀਂ ਪੁੱਜੇ ਸਨ।
ਦੱਸ ਦਈਏ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਰਿਹਾ ਹੈ ਪਰ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇਹ ਹੱਕ ਰਾਸ਼ਟਰਪਤੀ ਦਾ ਬਣਦਾ ਹੈ। ਇਸ ਲਈ ਬਹੁਤੀਆਂ ਵਿਰੋਧੀ ਧਿਰਾਂ ਇਸ ਸਮਾਗਮ ਦਾ ਬਾਈਕਾਟ ਕਰ ਰਹੀਆਂ ਹਨ। ਦੂਜੇ ਪਾਸੇ ਅਕਾਲੀ ਦਲ ਨੇ ਬੀਜੇਪੀ ਸਰਕਾਰ ਤੋਂ ਵੱਖ ਹੋਣ ਦੇ ਬਾਵਜੂਦ ਇਸ ਸਮਾਗਮ ਵਿੱਚ ਜਾਣ ਦਾ ਐਲਾਨ ਕੀਤਾ ਹੈ।
