ਸੁੰਦਰ ਨਗਰ ‘ਚ ਮੁਥੂਟ ਫਿਨਕ੍ਰਾਪ ਫਾਈਨਾਂਸ ਕੰਪਨੀ ‘ਚ ਲੁੱਟ ਕਰਨ ਆਏ ਚਾਰ ਲੁਟੇਰਿਆਂ ‘ਚੋਂ ਇਕ ਦੀ ਸੁਰੱਖਿਆ ਮੁਲਾਜ਼ਮ ਵਲੋਂ ਚਲਾਈ ਗੋਲੀ ਨਾਲ ਮੌਤ ਹੋ ਗਈ, ਜਦਕਿ ਲੁਟੇਰਿਆਂ ਵਲੋਂ ਚਲਾਈ ਗੋਲੀ ‘ਚ ਕੰਪਨੀ ਮੈਨੇਜਰ ਜ਼ਖ਼ਮੀ ਹੋ ਗਿਆ | ਲੁਟੇਰੇ ਆਪਣੇ ਮਕਸਦ ‘ਚ ਕਾਮਯਾਬ ਨਹੀਂ ਹੋ ਸਕੇ | ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ 10 ਵਜੇ ਦੇ ਕਰੀਬ ਉਸ ਵਕਤ ਵਾਪਰੀ, ਜਦੋਂ ਸੁੰਦਰ ਨਗਰ ਸਥਿਤ ‘ਸੋਨੇ ‘ਤੇ ਕਰਜ਼’ ਦਾ ਕਾਰੋਬਾਰ ਕਰਨ ਵਾਲੀ ਮੁਥੂਟ ਕੰਪਨੀ ਅੰਦਰ ਚਾਰ ਹਥਿਆਰਬੰਦ ਲੁਟੇਰੇ ਦਾਖ਼ਲ ਹੋਏ | ਇਨ੍ਹਾਂ ‘ਚੋਂ ਇਕ ਲੁਟੇਰੇ ਨੇ ਮੌਜੂਦ ਮੁਲਾਜ਼ਮ ਨੂੰ ਸੋਨੇ ਦੀ ਚੇਨ ਗਹਿਣੇ ਰੱਖਣ ਬਾਰੇ ਦੱਸਿਆ | ਗੱਲਾਂ-ਗੱਲਾਂ ‘ਚ ਇਹ ਲੁਟੇਰੇ ਮੈਨੇਜਰ ਸੰਨੀ ਸ਼ਰਮਾ (36) ਦੇ ਕੈਬਿਨ ‘ਚ ਚਲੇ ਗਏ ਅਤੇ ਉਸ ਕੋਲੋਂ ਲਾਕਰ ਦੀ ਚਾਬੀਆਂ ਮੰਗੀਆਂ | ਜਦੋਂ ਮੈਨੇਜਰ ਨੇ ਇਨਕਾਰ ਕੀਤਾ ਤਾਂ ਇਨ੍ਹਾਂ ‘ਚੋਂ ਇਕ ਨੇ ਆਪਣੇ ਕੋਲ ਰੱਖੀ ਪਿਸਤੌਲ ਕੱਢ ਲਈ ਤੇ ਮੈਨੇਜਰ ‘ਤੇ ਗੋਲੀ ਚਲਾ ਦਿੱਤੀ, ਜੋ ਕਿ ਉਸ ਦੇ ਮੋਢੇ ‘ਤੇ ਲੱਗੀ | ਲਹੂ-ਲੁਹਾਣ ਹੋਇਆ ਮੈਨੇਜਰ ਉੱਥੇ ਹੀ ਡਿੱਗ ਪਿਆ | ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਤਾਇਨਾਤ ਸੁਰੱਖਿਆ ਮੁਲਾਜ਼ਮ ਸੁਰਜੀਤ ਕੁਮਾਰ ਨੇ ਵੀ ਆਪਣੀ ਬੰਦੂਕ ਨਾਲ ਲੁਟੇਰਿਆਂ ‘ਤੇ ਗੋਲੀ ਚਲਾ ਦਿੱਤੀ | ਜੁਆਬ ‘ਚ ਲੁਟੇਰਿਆਂ ਵਲੋਂ ਵੀ ਗੋਲੀ ਚਲਾਈ ਗਈ | ਗੋਲੀ ਇਕ ਲੁਟੇਰੇ ਦੀ ਧੌਣ ‘ਤੇ ਲੱਗੀ, ਸਿੱਟੇ ਵਜੋਂ ਉਸ ਦੀ ਮੌਕੇ ‘ਤੇ ਮੌਤ ਹੋ ਗਈ | ਘਟਨਾ ਸਮੇਂ ਕੰਪਨੀ ਦੇ ਦਫ਼ਤਰ ‘ਚ ਤਿੰਨ ਔਰਤ ਮੁਲਾਜ਼ਮਾਂ ਵੀ ਮੌਜੂਦ ਸਨ | ਲੁੱਟ ਦੀ ਵਾਰਦਾਤ ਹੁੰਦਿਆਂ ਵੇਖ ਸੁਰੱਖਿਆ ਮੁਲਾਜ਼ਮ ਨੇ ਕੰਪਨੀ ਦਾ ਸ਼ਟਰ ਵੀ ਹੇਠਾਂ ਸੁੱਟ ਦਿੱਤਾ | ਗੋਲੀ ਚੱਲਣ ਕਾਰਨ ਉਥੇ ਭੱਜ-ਦੌੜ ਮਚ ਗਈ, ਜਿਸ ਦੌਰਾਨ ਤਿੰਨ ਲੁਟੇਰੇ ਕੰਧਾਂ ਟੱਪ ਕੇ ਨਾਲ ਲੱਗਦੀ ਇਮਾਰਤ ਤੋਂ ਫ਼ਰਾਰ ਹੋ ਗਏ | ਸੂਚਨਾ ਮਿਲਦਿਆਂ ਏ.ਸੀ.ਪੀ. ਧਰਮਪਾਲ ਫੋਰਸ ਲੈ ਕੇ ਮੌਕੇ ‘ਤੇ ਪੁੱਜੇ | ਪੁਲਿਸ ਵਲੋਂ ਲੁਟੇਰਿਆਂ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਵੀ ਕੈਦ ਹੋਈ ਦੱਸੀ ਜਾਂਦੀ ਹੈ | ਲੁਟੇਰੇ ਮੋਟਰਸਾਈਕਲ ‘ਤੇ ਆਏ ਸਨ, ਪਰ ਮੋਟਰਸਾਈਕਲ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ | ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਮੈਨੇਜਰ ਨੂੰ ਦਯਾਨੰਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ | ਪੁਲਿਸ ਵਲੋਂ ਇਲਾਕੇ ‘ਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਥਾਂ-ਥਾਂ ‘ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ | ਬਾਅਦ ਦੁਪਹਿਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਲੁਟੇਰਿਆਂ ਨੂੰ ਜਲਦ ਗਿ੍ਫ਼ਤਾਰ ਕਰਨ ਦੀਆਂ ਹਦਾਇਤਾਂ ਦਿੱਤੀਆਂ | ਹਲਕਾ ਵਿਧਾਇਕ ਸੁਰਿੰਦਰ ਡਾਵਰ ਵੀ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ | ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਵੀ ਗੱਲਬਾਤ ਕੀਤੀ |
ਮਿ੍ਤਕ ਲੁਟੇਰਾ ਰਸੂਲਪੁਰ (ਬਿਹਾਰ) ਦਾ ਰਹਿਣ ਵਾਲਾ ਸੀ-ਪੁਲਿਸ ਕਮਿਸ਼ਨਰ
ਪੁਲਿਸ ਕਮਿਸ਼ਨਰ ਨੇ ਦੇਰ ਸ਼ਾਮ ਦੱਸਿਆ ਕਿ ਮਿ੍ਤਕ ਲੁਟੇਰੇ ਦੀ ਸ਼ਨਾਖਤ ਅਮਰ ਪ੍ਰਤਾਪ ਸਿੰਘ ਵਜੋਂ ਕੀਤੀ ਗਈ ਹੈ ਅਤੇ ਉਹ ਰਸੂਲਪੁਰ ਬਿਹਾਰ ਦਾ ਰਹਿਣ ਵਾਲਾ ਹੈ | ਉਨ੍ਹਾਂ ਦੱਸਿਆ ਕਿ ਸੁਰੱਖਿਆ ਮੁਲਾਜ਼ਮ ਸੁਰਜੀਤ ਕੁਮਾਰ ਨੂੰ ਪੁਲਿਸ ਵਲੋਂ ਸਨਮਾਨਿਤ ਕੀਤਾ ਜਾਵੇਗਾ | ਫਾਈਨਾਂਸ ਕੰਪਨੀ ਦੇ ਪ੍ਰਬੰਧਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਵਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਤੇ ਦਫ਼ਤਰ ‘ਚ ਲੱਗਿਆ ਐਮਰਜੈਂਸੀ ਅਲਾਰਮ ਵੀ ਖ਼ਰਾਬ ਪਾਇਆ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ 2 ਪਿਸਤੌਲਾਂ, ਮੋਬਾਈਲ ਤੇ 2 ਮੋਟਰਸਾਈਕਲ ਬਰਾਮਦ ਕੀਤੇ | ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਤਿੰਨ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ |
