ਰਾਹੁਲ ਗਾਂਧੀ ਦੇ ਦੁਪਹਿਰ 12 ਵਜੇ ਸਾਹਨੇਵਾਲ ਹਵਾਈ ਅੱਡੇ ‘ਤੇ ਪੁੱਜਣ ਦੀ ਉਮੀਦ ਹੈ | ਸਾਹਨੇਵਾਲ ਹਵਾਈ ਅੱਡੇ ‘ਤੇ ਹਲਕਾ ਸਾਹਨੇਵਾਲ, ਲੁਧਿਆਣਾ ਦੇ ਵਿਖੇ ਵੱਖ-ਵੱਖ ਚੌਕਾਂ ‘ਚ ਹਲਕਾ ਲੁਧਿਆਣਾ ਦੱਖਣੀ, ਹਲਕਾ ਲੁਧਿਆਣਾ ਪੂਰਬੀ, ਹਲਕਾ ਆਤਮ ਨਗਰ, ਹਲਕਾ ਲੁਧਿਆਣਾ ਕੇਂਦਰੀ, ਹਲਕਾ ਲੁਧਿਆਣਾ ਉੱਤਰੀ ਅਤੇ ਫ਼ਿਰੋਜ਼ਪੁਰ ਰੋਡ ਵਿਖੇ ਹਲਕਾ ਲੁਧਿਆਣਾ ਪੱਛਮੀ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ | ਰਾਹੁਲ ਗਾਂਧੀ ਵਲੋਂ ਲੁਧਿਆਣਾ ਫ਼ੇਰੀ ਦੌਰਾਨ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਅਹਿਮ ਮੀਟਿੰਗ ਤੋਂ ਬਾਅਦ 2022 ਲਈ ਮੁੱਖ ਮੰਤਰੀ ਦੇ ਚਿਹਰੇ ਦਾ ਨਾਂਅ ਫਾਈਨਲ ਕੀਤਾ ਜਾਵੇਗਾ | ਰਾਹੁਲ ਵਲੋਂ 2 ਵਜੇ ਲੁਧਿਆਣਾ ਦੀ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਹਰਸ਼ਿਲਾ ਰਿਜ਼ੋਰਟਸ ਵਿਖੇ ਵਰਚੂਅਲ ਰੈਲੀ ਕੀਤੀ ਜਾਵੇਗੀ, ਜਿਸ ਦੌਰਾਨ ਰਾਹੁਲ ਗਾਂਧੀ ਮੁੱਖ ਮੰਤਰੀ ਦੇ ਚਿਹਰੇ ਦੇ ਨਾਂਅ ਦਾ ਐਲਾਨ ਕਰਨਗੇ | ਰਾਹੁਲ ਗਾਂਧੀ ਵਰਚੂਅਲ ਰੈਲੀ ਰਾਹੀਂ ਪੰਜਾਬ ਭਰ ਦੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਨਗੇ | ਵਰਚੂਅਲ ਰੈਲੀ ਤੋਂ ਬਾਅਦ ਪੰਜਾਬ ਭਰ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋਣ ਦੇ ਜਸ਼ਨ ਮਨਾਏ ਜਾਣਗੇ | ਕਾਂਗਰਸ ਦੀ ਲੁਧਿਆਣਾ ਵਰਚੂਅਲ ਰੈਲੀ ‘ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਸਮੇਤ ਹੋਰ ਕਈ ਆਗੂ ਹਾਜ਼ਰ ਹੋਣਗੇ |
