ਸਰਕਾਰੀ ਪ੍ਰਾਇਮਰੀ ਸਕੂਲ ਖਮਾਣੋਂ ‘ਚ ਪੜ੍ਹਾਉਣ ਵਾਲੇ ਜਗਤਾਰ ਸਿੰਘ ਨੂੰ ਸਕੂਲ ਦੀ ਖਸਤਾ ਹਾਲ ਇਮਾਰਤ ਨੂੰ ਚੰਦੇ ਅਤੇ ਸਰਕਾਰੀ ਮਦਦ ਦੇ ਨਾਲ ਨਵੀਂ ਦਿੱਖ ਦੇਣ ਦੇ ਨਾਲ-ਨਾਲ ਸਕੂਲ ਨੂੰ ਸਮਾਰਟ ਸਕੂਲ ‘ਚ ਬਦਲਣ ਲਈ ਕੀਤੀਆਂ ਕੋਸ਼ਿਸ਼ਾਂ ਲਈ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ | 10 ਸਾਲ ਪਹਿਲਾਂ ਸਕੂਲ ਦੀ ਜਿਸ ਇਮਾਰਤ ਨੂੰ ਪੀ.ਡਬਲਿਊ.ਡੀ. ਵਿਭਾਗ ਨੇ ਅਸੁਰੱਖਿਅਤ ਐਲਾਨਿਆ ਉਸ ਨੂੰ ਢਾਹੁਣ ਦੀ ਸਲਾਹ ਦਿੱਤੀ ਸੀ | ਹੁਣ ਉਸ ਸਕੂਲ ਦੇ 6 ਏ.ਸੀ. ਕਲਾਸਰੂਮ, ਜਿਨ੍ਹਾਂ ‘ਚ ਪ੍ਰਾਜੈਕਟਰ ਅਤੇ ਹੋਰ ਲੋੜੀਂਦੇ ਯੰਤਰਾਂ ਦੀ ਵੀ ਵਿਵਸਥਾ ਹੈ | ਇਕ ਲਾਇਬ੍ਰੇਰੀ, ਖੇਡ ਦਾ ਮੈਦਾਨ ਅਤੇ ਪਾਰਕ ਆਦਿ ਸਭ ਸਹੂਲਤਾਂ ਮੌਜੂਦ ਹਨ |

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਿੱਖਿਆ ਦੇ ਖੇਤਰ ‘ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ 44 ਅਧਿਆਪਕਾਂ ਨੂੰ ਰਾਸ਼ਟਰੀ ਸਿੱਖਿਅਕ ਪੁਰਸਕਾਰ ਨਾਲ ਨਿਵਾਜਿਆ | ਪੁਰਸਕਾਰ ਹਾਸਲ ਕਰਨ ਵਾਲੇ ਇਨ੍ਹਾਂ ਅਧਿਆਪਕਾਂ ‘ਚ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਦੇ ਖਮਾਣੋਂ ਦੇ ਮਨੈਲਾ ਸਕੂਲ ਤੋਂ ਜਗਤਾਰ ਸਿੰਘ ਵੀ ਸ਼ਾਮਿਲ ਹਨ | ਰਾਸ਼ਟਰਪਤੀ ਨੇ ਮੁੱਢਲੇ ਅਤੇ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੂੰ ਵਰਚੂਅਲ ਤੌਰ ‘ਤੇ ਹੋਏ ਸਮਾਗਮ ‘ਚ ਪੁਰਸਕਾਰ ਪ੍ਰਦਾਨ ਕੀਤੇ | ਰਾਸ਼ਟਰੀ ਸਿੱਖਿਅਕ ਪੁਰਸਕਾਰ ਹਾਸਲ ਕਰਨ ਵਾਲੇ ਅਧਿਆਪਕਾਂ ‘ਚ ਪੰਜਾਬ ਤੋਂ ਇਲਾਵਾ ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਦੇ ਅਧਿਆਪਕ ਵੀ ਸ਼ਾਮਿਲ ਹਨ |
