-15 ਰਾਜਾਂ ਦੀਅ ਾਂ 57 ਰਾਜ ਸਭਾ ਸੀਟਾਂ ‘ਤੇ 10 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਆਪੋ-ਆਪਣੀਆਂ ਰਣਨੀਤੀਆਂ ਘੜ੍ਹਣ ‘ਚ ਮਸ਼ਰੂਫ਼ ਹਨ | ਚੋਣਾਂ ਲਈ ਨਾਮਜ਼ਦਗੀ ਦੀ ਆਖ਼ਰੀ ਮਿਤੀ 31 ਮਈ ਹੈ, ਜਦਕਿ ਨਾਂਅ ਵਾਪਸ ਲੈਣ ਦੀ ਆਖ਼ਰੀ ਤਾਰੀਕ 3 ਜੂਨ ਹੈ | ਰਾਜ ਸਭਾ ਦੀਆਂ 245 ਸੀਟਾਂ ‘ਚੋਂ 21 ਜੂਨ ਤੋਂ 1 ਅਗਸਤ ਦਰਮਿਆਨ 15 ਰਾਜਾਂ ਦੇ 57 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ | ਜਿਨ੍ਹਾਂ ‘ਚੋਂ ਸਭ ਤੋਂ ਵੱਧ 11 ਸੀਟਾਂ ਉੱਤਰ ਪ੍ਰਦੇਸ਼ ਲਈ ਹਨ | ਉੱਤਰ ਪ੍ਰਦੇਸ਼’ਚ ਮੈਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਇਨ੍ਹਾਂ ‘ਚੋਂ 7 ਸੀਟਾਂ ਭਾਜਪਾ ਦੇ ਖਾਤੇ ‘ਚ ਜਾਣ ਦੇ ਆਸਾਰ ਹਨ ਜਦਕਿ 3 ਸੀਟਾਂ ‘ਤੇ ਸਮਾਜਵਾਜੀ ਪਾਰਟੀ ਗੱਠਜੋੜ ਦੇ ਮੈਂਬਰ ਰਾਜ ਸਭਾ ਪਹੁੰਚਣਗੇ | ਸਮਾਜਵਾਦੀ ਪਾਰਟੀ ਵਲੋਂ ਕਪਿਲ ਸਿੱਬਲ ਅਤੇ ਜਯੰਤ ਚੌਧਰੀ ਨੂੰ ਸਮਰਥਨ ਦਿੱਤਾ ਗਿਆ ਹੈ, ਜਦਕਿ ਇਕ ਸੀਟ ਲਈ ਵੋਟਿੰਗ ਕਰਵਾਈ ਜਾ ਸਕਦੀ ਹੈ | ਉੱਤਰਾਖੰਡ ਦੀ ਇਕ ਸੀਟ ਭਾਜਪਾ ਅਤੇ ਪੰਜਾਬ ਦੀਆਂ 2 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ‘ਚ ਜਾਣਗੀਆਂ, ਜਦਕਿ ਹਰਿਆਣਾ ਦੀਆਂ 2 ਸੀਟਾਂ ‘ਚੋਂ ਕਾਂਗਰਸ ਅਤੇ ਭਾਜਪਾ ਦੇ ਹਿੱਸੇ ਇਕ-ਇਕ ਸੀਟ ਜਾ ਸਕਦੀ ਹੈ | ਰਾਜ ਸਭਾ ਦੀਆਂ 4 ਸੀਟਾਂ ‘ਚੋਂ 2 ਸਿੱਧੇ ਤੌਰ ‘ਤੇ ਕਾਂਗਰਸ ਅਤੇ 1 ਭਾਜਪਾ ਕੋਲ ਜਾਵੇਗੀ, ਜਦਕਿ ਇਕ ‘ਤੇ ਵੋਟਿੰਗ ਕੀਤੀ ਜਾ ਸਕਦੀ ਹੈ | ਮੱਧ ਪ੍ਰਦੇਸ਼ ਦੀਆਂ 3 ਸੀਟਾਂ ‘ਚੋਂ ਇਕ ਭਾਜਪਾ ਅਤੇ ਇਕ ਕਾਂਗਰਸ ਦੇ ਹਿੱਸੇ ਆ ਸਕਦੀ ਹੈ | ਮਹਾਰਾਸ਼ਟਰ ‘ਚ 6 ਸੀਟਾਂ ਲਈ 3 ਸ਼ਿਵਸੈਨਾ ਗੱਠਜੋੜ, 2 ਭਾਜਪਾ ਅਤੇ ਇਕ ਸੀਟ ‘ਤੇ ਚੋਣ ਕਰਵਾਈ ਜਾ ਸਕਦੀ ਹੈ | ਇਸ ਤੋਂ ਇਲਾਵਾ ਕਰਨਾਟਕ ਦੀਆਂ 4, ਤਾਮਿਲਨਾਡੂ ਦੀਆਂ 6, ਤੇਲੰਗਾਨਾ ਦੀਆਂ 2, ਆਂਧਰਾ ਪ੍ਰਦੇਸ਼ ਦੀਆਂ 2, ਓਡੀਸ਼ਾ ਦੀਆਂ 3, ਛਤੀਸਗੜ੍ਹ ਦੀਆਂ 2, ਬਿਹਾਰ ਲਈ 5 ਅਤੇ ਝਾਰਖੰਡ ਦੀਆਂ 2 ਸੀਟਾਂ ਲਈ ਚੋਣਾਂ ਹੋਣੀਆਂ ਹਨ |
