ਰੂਸ ਅਤੇ ਯੂਕਰੇਨ ‘ਚ ਜਾਰੀ ਜੰਗ ਦਰਮਿਆਨ ਉਥੇ ਫਸੇ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਲਿਆਉਣ ਲਈ ਕੇਂਦਰ ਸਰਕਾਰ ਆਪਣੇ 4 ਸੀਨੀਅਰ ਮੰਤਰੀਆਂ ਨੂੰ ਯੂਕਰੇਨ ਦੀ ਸਰਹੱਦ ਨਾਲ ਲਗਦੇ 5 ਦੇਸ਼ਾਂ ‘ਚ ਭੇਜੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੋਮਵਾਰ ਸਵੇਰੇ ਕੀਤੀ ਵਿਸ਼ੇਸ਼ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ। ਜਾਣਕਾਰੀ ਮੁਤਾਬਿਕ ਹਰਦੀਪ ਸਿੰਘ ਪੁਰੀ ਨੂੰ ਹੰਗਰੀ, ਕਿਰਨ ਰਿਜਿਜੂ ਨੂੰ ਸੋਲੋਵਾਕੀਆ, ਜਿਓਤੀਰਾਦਿੱਤਿਆ ਸਿੰਧੀਆ ਨੂੰ ਰੋਮਾਨੀਆ ਅਤੇ ਮਾਲਡੇਵਾ ਅਤੇ ਜਨਰਲ ਵੀ.ਕੇ. ਸਿੰਘ ਨੂੰ ਪੋਲੈਂਡ ਭੇਜਿਆ ਜਾ ਰਿਹਾ ਹੈ। ਇਹ ਚਾਰੇ ਮੰਤਰੀ ਭਾਰਤ ਦੇ ਵਿਸ਼ੇਸ਼ ਦੂਤ ਬਣ ਕੇ ਉਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ‘ਚ ਮਦਦ ਕਰਨਗੇ। ਯੂਕਰੇਨ ‘ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਸਰਕਾਰ ਵਲੋਂ ‘ਆਪ੍ਰੇ੍ਰਸ਼ਨ ਗੰਗਾ’ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਹਾਲੇ ਤੱਕ 6 ਉਡਾਣਾਂ ‘ਚ 1396 ਵਿਦਿਆਰਥੀਆਂ ਨੂੰ ਯੂਕਰੇਨ ਤੋਂ ਭਾਰਤ ਲਿਆਂਦਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਮਹੀਨੇ ਦੇ ਸ਼ੁਰੂ ‘ਚ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਤਹਿਤ ਹੁਣ ਤੱਕ 8 ਹਜ਼ਾਰ ਭਾਰਤੀ ਨਾਗਰਿਕ ਦੇਸ਼ ‘ਚ ਆ ਚੁੱਕੇ ਹਨ, ਜਦਕਿ 14 ਹਜ਼ਾਰ ਭਾਰਤੀ ਨਾਗਰਿਕ, ਖਾਸ ਤੌਰ ‘ਤੇ ਕਾਲਜਾਂ ਦੇ ਵਿਦਿਆਰਥੀ ਇਸ ਸਮੇਂ ਯੂਕਰੇਨ ‘ਚ ਫਸੇ ਹੋਏ ਹਨ। ਇਸੇ ਦੌਰਾਨ ਸੂਤਰਾਂ ਨੇ ਦੱਸਿਆ ਹੈ ਕਿ ਵਿਦੇਸ਼ ਮੰਤਰਾਲੇ ਦੇ ਉੱਚ-ਅਧਿਕਾਰੀਆਂ ਨੇ ਸੰਸਦੀ ਪੈਨਲ ਨੂੰ ਜੰਗ ਪ੍ਰਭਾਵਿਤ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ‘ਚ ਅਗਲੇ ਦੋ-ਤਿੰਨ ਦਿਨਾਂ ‘ਚ ਗੁਆਂਢੀ ਦੇਸ਼ਾਂ ‘ਚ 13 ਉਡਾਣਾਂ ਭੇਜਣ ਦੀ ਯੋਜਨਾ ਵੀ ਸ਼ਾਮਿਲ ਹੈ, ਜਿਸ ਤਹਿਤ ਰੋਜ਼ਾਨਾ ਉਡਾਣਾਂ ਦੀ ਗਿਣਤੀ 9 ਹੋ ਗਈ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ੍ਰਿੰਗਲਾ ਨੇ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੀ ਸਥਿਤੀ ਤੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਦੀਆਂ ਕੋਸ਼ਿਸ਼ਾਂ ‘ਤੇ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੂੰ ਵਿਸਥਾਰਤ ਰਿੋਪਰਟ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਯੂਕਰੇਨ ਮੁੱਦੇ ‘ਤੇ ਪਿਛਲੇ 2 ਦਿਨਾਂ ‘ਚ ਦੋ ਉੱਚ-ਪੱਧਰੀ ਬੈਠਕਾਂ ਸੱਦੀਆਂ ਗਈਆਂ ਹਨ। ਐਤਵਾਰ ਸ਼ਾਮ ਨੂੰ ਹੋਈ ਮੀਟਿੰਗ ‘ਚ ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ, ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਅਤੇ ਕੈਬਨਿਟ ਸਕੱਤਰ ਰਾਜੀਵ ਗੋਬਾ ਸ਼ਾਮਿਲ ਸਨ। ।
ਅਸੀਂ ਆਪਣੇ ਲੋਕਾਂ ਨੂੰ ਇੰਜ ਨਹੀਂ ਛੱਡ ਸਕਦੇ-ਰਾਹੁਲ ਗਾਂਧੀ
ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਹੋ ਰਹੀ ਕੁੱਟਮਾਰ ਦਾ ਇਕ ਵੀਡੀਓ ਸਾਂਝਾ ਕਰਦਿਆਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਸਰੋਕਾਰ ਪ੍ਰਗਟਾਉਂਦਿਆ ਕਿਹਾ ਕਿ ਅਸੀਂ ਆਪਣੇ ਲੋਕਾਂ ਨੂੰ ਇੰਝ ਨਹੀਂ ਛੱਡ ਸਕਦੇ। ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਪਾਏ ਸੰਦੇਸ਼R ‘ਚ ਉਥੇ ਫਸੇ ਵਿਦਿਆਰਥੀਆਂ ਲਈ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਉਨ੍ਹਾਂ ਮੈਡੀਕਲ ਵਿਦਿਆਰਥੀਆਂ ਨਾਲ ਹੈ, ਜੋ ਇਸ ਹਿੰਸਾ ਤੋਂ ਲੰਘ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਦੇ ਮਾਂ-ਬਾਪ ਦੀ ਮਾਨਸਿਕ ਪਰੇਸ਼ਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸੇ ਵੀ ਮਾਤਾ-ਪਿਤਾ ਨੂੰ ਅਜਿਹੇ ਦਰਦ ‘ਚੋਂ ਨਹੀਂ ਲੰਘਣਾ ਚਾਹੀਦਾ।
