ਸੱਤਾ ਵਿਚ ਆਉਣ ਤੋਂ ਬਾਅਦ ਮਾਨ ਸਰਕਾਰ ਲਗਾਤਾਰ ਲੋਕਾਂ ਦੇ ਹੱਕ ‘ਚ ਵੱਡੇ ਐਲਾਨ ਕਰ ਰਹੀ ਹੈ। ਇਸ ਦੌਰਾਨ ਇਕ ਸਮਾਗਮ ਵਿਚ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਉਹਨਾਂ ਪਰਿਵਾਰਾਂ ਨੂੰ ਪੱਕੇ ਘਰ ਬਣਾ ਕੇ ਦੇਵੇਗੀ ਜਿੰਨਾਂ ਦੇ ਘਰ ਬਾਲਿਆਂ ਵਾਲੀਆਂ ਛੱਤਾਂ ਹਨ ਜਾਂ ਡਿੱਗਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਤੁਹਾਨੂੰ ਕਿਸੇ ਸਿਫ਼ਾਰਿਸ਼ ਦੀ ਲੋੜ ਨਹੀਂ ਪਵੇਗੀ। ਸਿਰਫ਼ ਆਪਣੇ ਇਲਾਕੇ ਦੇ ਸਬੰਧਤ ਅਧਿਕਾਰੀ ਨਾਲ ਸੰਪਰਕ ਕਰ ਕੇ ਇਸ ਦੀ ਸੂਚਨਾ ਦੇ ਦਿਓ ਤੇ ਲੋਕ ਆਪ ਆ ਕੇ ਤੁਹਾਡੇ ਘਰ ਲੈਂਟਰ ਪਾ ਕੇ ਜਾਣਗੇ। ਮਾਨ ਨੇ ਕਿਹਾ ਕਿ ਅਸੀਂ ਹੱਥ ਬੰਨ੍ਹਵਾਉਣ ਵਾਲੇ ਨਹੀਂ ਸਗੋਂ ਆਪਣੇ ਸਿਰ ‘ਤੇ ਹੱਥ ਰਖਵਾਉਣ ਵਾਲੇ ਹਾਂ।
ਜਿੰਨਾ ਪਰਿਵਾਰਾਂ ਦੇ ਘਰ ਬਾਲਿਆਂ ਵਾਲੀਆਂ ਛੱਤਾਂ ਨੇ ਜਾਂ ਡਿੱਗਣ ਵਾਲੀਆਂ ਨੇ, ਉਹਨਾਂ ਨੂੰ ਅਸੀਂ ਪੱਕੇ ਘਰ ਬਣਾ ਕੇ ਦੇਵਾਂਗੇ…ਸਾਡੀ ਸਰਕਾਰ ਪੰਜਾਬ ਦੇ ਹਰ ਵਰਗ ਦੀ ਸਰਕਾਰ ਹੈ…ਤੁਹਾਡੇ ਤੇ ਸਾਡੇ ਦੁੱਖ-ਸੁੱਖ ਸਾਰੇ ਸਾਂਝੇ ਨੇ… pic.twitter.com/xTRGiZgRfn
— Bhagwant Mann (@BhagwantMann) April 12, 2023
ਦਰਅਸਲ, ਮੁੱਖ ਮੰਤਰੀ ਮਾਨ ਅੱਜ ਮਹਾਨ ਆਜ਼ਾਦੀ ਘੁਲਾਟੀਏ ਤੇਜਾ ਸਿੰਘ ਸੁਤੰਤਰ ਦੇ ਬੁੱਤ ਤੋਂ ਪਰਦਾ ਹਟਾਉਣ ਲਈ ਸੰਗਰੂਰ ਪਹੁੰਚੇ ਸਨ। ਇਸ ਦੌਰਾਨ ਜਦੋਂ ਉਹ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇਕ ਔਰਤ ਨੇ ਉਨ੍ਹਾਂ ਨੂੰ ਆਪਣੇ ਕੱਚੇ ਘਰ ਦੀ ਸਮੱਸਿਆ ਬਾਰੇ ਦੱਸਿਆ। ਉਨ੍ਹਾਂ ਨੇ ਤੁਰੰਤ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਉਹ ਉਕਤ ਔਰਤ ਤੋਂ ਵੇਰਵਾ ਲੈ ਲੈਣ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿੰਨੇ ਵੀ ਘਰ ਅਜਿਹੇ ਹਨ ਜਿੰਨ੍ਹਾਂ ਦੀਆਂ ਛੱਤਾਂ ਕਮਜ਼ੋਰ ਹਨ, ਬਾਲਿਆਂ ਵਾਲੀਆਂ ਹਨ, ਚੋਂਦੀਆਂ ਹਨ ਜਾਂ ਖ਼ਤਰਨਾਕ ਹਨ ਜੋ ਕਦੇ ਵੀ ਡਿੱਗ ਸਕਦੀਆਂ ਹਨ, ਉਹ ਆਪਣੇ ਇਲਾਕੇ ਦੇ ਡਿਪਟੀ ਕਮਿਸ਼ਨਰ, ਐੱਸਡੀਐੱਮ ਜਾਂ ਕਿਸੇ ਹੋਰ ਸਬੰਧਤ ਅਧਿਕਾਰੀ ਰਾਹੀਂ ਸਾਨੂੰ ਸੂਚਨਾ ਦੇ ਦੇਣ।
