ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ ਨੂੰ ਅੱਜ ਅਦਾਲਤ ਨੇ 14 ਦਿਨ ਲਈ ਜੇਲ੍ਹ ਭੇਜ ਦਿੱਤਾ ਹੈ | ਤਿੰਨ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਹਨੀ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਸੀ, ਜਿਥੋਂ ਹਨੀ ਨੂੰ ਜੇਲ੍ਹ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ | ਦੱਸਿਆ ਜਾਂਦਾ ਹੈ ਕਿ ਈ. ਡੀ. ਨੇ ਭੁਪਿੰਦਰ ਸਿੰਘ ਹਨੀ ਤੋਂ ਪੁੱਛਗਿੱਛ ਕਰਨ ਲਈ 7 ਦਿਨ ਦਾ ਹੋਰ ਰਿਮਾਂਡ ਮੰਗਿਆ ਸੀ | ਈ. ਡੀ. ਦਾ ਕਹਿਣਾ ਸੀ ਕਿ ਹਨੀ ਦੇ ਮੋਬਾਈਲ ਫ਼ੋਨ ਦੇ ਡਿਜੀਟਲ ਡਾਟਾ ਦੇ 18 ਲੱਖ ਸਫ਼ਿਆਂ ‘ਚੋਂ 1 ਲੱਖ ਸਫ਼ਿਆਂ ਦੀ ਪੜਤਾਲ ਕੀਤੀ ਗਈ ਹੈ ਤੇ ਹੋਰ ਪੜਤਾਲ ਲਈ ਰਿਮਾਂਡ ਦੀ ਲੋੜ ਹੈ | ਸੈਸ਼ਨ ਜੱਜ ਰੁਪਿੰਦਰ ਜੀਤ ਚਹਿਲ ਵਲੋਂ ਰਿਮਾਂਡ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ | ਇਸ ਤੋਂ ਬਾਅਦ ਹਨੀ ਨੂੰ ਜੇਲ੍ਹ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ | ਹਨੀ ਨੂੰ ਦੁਪਹਿਰ ਬਾਅਦ ਅਦਾਲਤ ‘ਚ ਪੇਸ਼ ਕੀਤਾ ਗਿਆ | ਬਚਾਅ ਧਿਰ ਵਲੋਂ ਸੀਨੀਅਰ ਐਡਵੋਕੇਟ ਏ. ਪੀ. ਐੱਸ. ਦਿਉਲ, ਗੁਰਜੀਤ ਸਿੰਘ ਕਾਹਲੋਂ, ਹਰਨੀਤ ਸਿੰਘ ਉਬਰਾਏ, ਦਰਸ਼ਨ ਸਿੰਘ ਦਿਆਲ ਪੇਸ਼ ਹੋਏ | ਦੂਜੇ ਪਾਸੇ ਤਾਂ ਇਹ ਵੀ ਚਰਚਾ ਰਹੀ ਕਿ ਈ.ਡੀ. ਵਲੋਂ ਹਨੀ ਤੋਂ ਬਰਾਮਦ ਕੀਤੇ 10 ਕਰੋੜ ਦੇ ਮਾਮਲੇ ‘ਚ ਆਮਦਨ ਕਰ ਵਿਭਾਗ ਵਲੋਂ ਵੀ ਜਾਂਚ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ | ਉਂਜ ਇਸ ਬਾਰੇ ਚਰਚਾ ਹੈ ਕਿ ਹਨੀ ਦੇ ਸੰਪਰਕਾਂ ਬਾਰੇ ਕਈ ਲੋਕ ਈ. ਡੀ. ਦੇ ਰਾਡਾਰ ‘ਤੇ ਹਨ ਤੇ ਇਸ ਬਾਰੇ ਆਉਣ ਵਾਲੇ ਸਮੇਂ ‘ਚ ਲੋੜੀਂਦੇ ਵਿਅਕਤੀਆਂ ਤੋਂ ਪੁਛਗਿੱਛ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |
