ਸਮਾਜਵਾਦੀ ਆਗੂ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਦੇਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ।
ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਮੁਲਾਇਮ ਸਿੰਘ ਦੇ ਪੁੱਤਰ ਅਖਿਲ਼ੇਸ਼ ਯਾਦਵ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਸਮਾਜਵਾਦੀ ਆਗੂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ।
ਉਹ ਪੇਸ਼ਾਬ ਦੀ ਲਾਗ, ਖੂਨ ਦੇ ਦਬਾਅ ਅਤੇ ਸਾਹ ਲੈਣ ਵਿਚ ਮੁਸ਼ਕਲ ਕਾਰਨ ਹਸਪਤਾਲ ਵਿਚ ਭਰਤੀ ਕਰਵਾਏ ਗਏ ਸਨ।
ਮੁਲਾਇਮ ਸਿੰਘ ਯਾਦਵ ਪਿਛਲੇ 9 ਦਿਨਾਂ ਤੋਂ ਗੁੜਗਾਓਂ ਦੇ ਮੇਂਦਾਤਾ ਹਸਪਤਾਲ ਵਿਚ ਭਰਤੀ ਸਨ ਅਤੇ ਕ੍ਰਿਟੀਕਲ ਕੇਅਰ ਯੂਨਿਟ ਵਿਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਸਨ।
ਅਖਿਲੇਸ਼ ਯਾਦਵ ਮੁਤਾਬਕ ਮੁਲਾਇਮ ਸਿੰਘ ਨੇ ਸੋਮਵਾਰ ਨੂੰ 8.16 ਵਜੇ ਆਖ਼ਰੀ ਸਾਹ ਲਏ।
‘ਨੇਤਾ ਜੀ’ ਦੀ ਮੌਤ ਦੀ ਪੁਸ਼ਟੀ ਮੁਲਾਇਮ ਸਿੰਘ ਯਾਦਵ ਦੇ ਪੁੱਤਰ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਤਰਫੋਂ ਸਮਾਜਵਾਦੀ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਕੀਤੀ ਗਈ ਸੀ।
ਉਨ੍ਹਾਂ ਟਵੀਟ ‘ਚ ਲਿਖਿਆ ਹੈ, ‘ਮੇਰੇ ਸਤਿਕਾਰਯੋਗ ਪਿਤਾ ਜੀ ਨਹੀਂ ਰਹੇ-ਅਖਿਲੇਸ਼ ਯਾਦਵ।’
ਮੁਲਾਇਮ ਸਿੰਘ ਯਾਦਵ ਦੀ ਮੌਤ ਦੀ ਸੂਚਨਾ ਮਿਲਦੇ ਹੀ ਮੇਦਾਂਤਾ ਹਸਪਤਾਲ ‘ਚ ਉਨ੍ਹਾਂ ਦੇ ਸਮਰਥਕਾਂ, ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਸਿਆਸੀ ਨੇਤਾਵਾਂ-ਕਾਰਕੁਨਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ।
ਮੁਲਾਇਮ ਸਿੰਘ ਯਾਦਵ ਦਾ ਸਸਕਾਰ ਸੈਫ਼ਈ ਵਿਚ ਮੰਗਲਵਾਰ (11 ਅਕਤੂਬਰ) ਨੂੰ ਉੱਤਰ ਪ੍ਰਦੇਸ਼ ਦੇ ਸੈਫ਼ਈ ਵਿਚ ਹੋਵੇਗਾ।
ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੇ ਮੱਦੇਨਜ਼ਰ ਹਸਪਤਾਲ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
25 ਸਾਲ ਦੀ ਉਮਰ ਵਿਚ ਪਹਿਲੀ ਵਾਰ ਵਿਧਾਇਕ ਬਣਨ ਵਾਲੇ ਮੁਲਾਇਮ ਸਿੰਘ ਯੂਪੀ ਦੇ ਮੁੱਖ ਮੰਤਰੀ ਅਤੇ ਕੇਂਦਰੀ ਰੱਖਿਆ ਮੰਤਰੀ ਵਰਗੇ ਅਹਿਮ ਅਹੁਦਿਆਂ ਉੱਤੇ ਰਹੇ ਹਨ।
ਉਹ ਸਿਆਸੀ ਗਲਿਆਰਿਆਂ ਖਾਸ ਕਰ ਪ੍ਰਦੇਸ਼ ਵਿਚ ‘ਨੇਤਾ ਜੀ’ ਦੇ ਨਾਮ ਨਾਲ ਮਸ਼ਹੂਰ ਸਨ, ਜੋ ਹਮੇਸ਼ਾ ਆਪਣੇ ਸਿਆਸੀ ਪੈਂਤੜਿਆਂ ਲਈ ਜਾਣੇ ਜਾਂਦੇ ਰਹੇ।
ਮੁਲਾਇਮ ਸਿੰਘ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ
ਮੁਲਾਇਮ ਸਿੰਘ ਯਾਦਵ ਦੀ ਮੌਤ ਉਤੇ ਸਿਆਸੀ, ਧਾਰਮਿਕ ਅਤੇ ਸਮਾਜਿਕ ਹਲਕਿਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ ਹੈ, “ਸ਼੍ਰੀ ਮੁਲਾਇਮ ਸਿੰਘ ਯਾਦਵ ਜੀ ਇੱਕ ਸ਼ਾਨਦਾਰ ਸ਼ਖਸੀਅਤ ਸਨ। ਉਹ ਇੱਕ ਨਿਮਰ ਅਤੇ ਜ਼ਮੀਨ ਨਾਲ ਜੁੜੇ ਨੇਤਾ ਸਨ। ਜੋ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਸਨ। ਉਹਨਾਂ ਨੇ ਲਗਨ ਨਾਲ ਲੋਕਾਂ ਦੀ ਸੇਵਾ ਕੀਤੀ ਅਤੇ ਲੋਕਨਾਇਕ ਜੇਪੀ ਅਤੇ ਡਾ. ਲੋਹੀਆ ਦੇ ਆਦਰਸ਼ਾਂ ਨੂੰ ਪ੍ਰਸਿੱਧ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕੀਤਾ।”
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਇਮ ਸਿੰਘ ਯਾਦਵ ਦੀ ਮੌਤ ਉੱਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਸਮਾਜਵਾਦ ਦੇ ਪ੍ਰੇਰਕ ਸਨ।
ਆਪਣੇ ਟਵੀਟ ਵਿਚ ਉਨ੍ਹਾਂ ਲਿਖਿਆ ਕਿ ”ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਸਾਰੇ ਪ੍ਰਸ਼ੰਸਕਾਂ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।”
