ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੂੰਹ ‘ਤੇ ਤਿਰੰਗਾ ਪੇਂਟ ਕਰਕੇ ਆਈ ਸ਼ਰਧਾਲੂ ਲੜਕੀ ਨੂੰ ਸੇਵਾਦਾਰ ਵਲੋਂ ਦਰਸ਼ਨ ਕਰਨ ਤੋਂ ਰੋਕ ਦਿੱਤਾ ਗਿਆ ਜਿਸ ਕਾਰਨ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਸੀ। ਹਾਲਾਂਕਿ, ਸੇਵਾਦਾਰ ਵਲੋਂ ਕੀਤੀ ਗਈ ਇਸ ਕਾਰਵਾਈ ‘ਤੇ SGPC ਨੇ ਮੁਆਫੀ ਮੰਗੀ ਸੀ ਪਰ ਨਾਲ ਹੀ ਉਹਨਾਂ ਨੇ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਜਾਰੀ ਕਰਕੇ ਇਹ ਇਲਜ਼ਾਮ ਲਗਾਏ ਸਨ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਇਹ ਕੋਝੀ ਸਾਜਿਸ਼ ਹੈ।

ਇਸ ਮਾਮਲੇ ‘ਚ ਹੁਣ ਉਕਤ ਸ਼ਰਧਾਲੂ ਲੜਕੀ ਨੇ ਆਪਣਾ ਪੱਖ ਰੱਖਿਆ ਹੈ। ਉਸ ਨੇ ਇਕ ਵੀਡੀਓ ਰਾਹੀਂ ਕਿਹਾ ਕਿ ਮੇਰੇ ਵੱਲੋਂ ਜੇਕਰ ਕੋਈ ਗਲਤੀ ਹੋਈ ਹੋਵੇ ਜਾਂ ਕੋਈ ਗਲਤ ਸ਼ਬਦ ਕਿਹਾ ਗਿਆ ਹੋਵੇ, ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮੁਆਫੀ ਮੰਗਦੀ ਹਾਂ। ਲੜਕੀ ਨੇ ਕਿਹਾ ਕਿ ਮੈਂ ਇੰਨੀ ਵੱਡੀ ਨਹੀਂ ਹਾਂ ਕਿ ਕੋਈ ਮੇਰੇ ਕੋਈ ਕੋਲੋਂ ਮੁਆਫੀ ਮੰਗੇ, ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਸਾਰਿਆਂ ਤੋਂ ਮੁਆਫੀ ਮੰਗਦੀ ਹਾਂ।
