ਸਾਬਕਾ ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਹੈ। ਹੁਣ ਉਹ ਆਪਣੀ ਮਾਤਾ ਸੋਨੀਆ ਗਾਂਧੀ ਦੇ ਨਾਲ ਉਹਨਾਂ ਦੇ ਘਰ ‘ਚ ਰਹਿਣਗੇ। ਦਸਣਯੋਗ ਹੈ ਕਿ ਰਾਹੁਲ ਗਾਂਧੀ ਦਿੱਲੀ ਵਿੱਚ 12 ਤੁਗਲਕ ਲੇਨ ਸਥਿਤ ਇੱਕ ਬੰਗਲੇ ਵਿੱਚ ਰਹਿ ਰਹੇ ਸਨ। ਇਥੇ ਦਸ ਦਈਏ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ‘ਮੋਦੀ ਸਰਨੇਮ’ ਟਿੱਪਣੀ ਮਾਮਲੇ ‘ਚ ਸੂਰਤ ਦੀ ਅਦਾਲਤ ਨੇ 23 ਮਾਰਚ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਰਿਹਾਇਸ਼ 22 ਅਪ੍ਰੈਲ ਤੱਕ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਬੁੱਧਵਾਰ ਨੂੰ ਕੇਰਲ ਦੇ ਵਾਇਨਾਡ ‘ਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੇਰਾ ਘਰ 50 ਵਾਰ ਜ਼ਬਤ ਕਰੋ, ਪਰ ਮੈਂ ਜਨਤਾ ਦੇ ਮੁੱਦੇ ਉਠਾਉਂਦਾ ਰਹਾਂਗਾ। ਤੁਸੀਂ ਲੋਕਾਂ ਨੂੰ ਜਿੰਨਾ ਮਰਜ਼ੀ ਡਰਾਉਣ ਦੀ ਕੋਸ਼ਿਸ਼ ਕਰੋ, ਮੈਂ ਫਿਰ ਵੀ ਉਨ੍ਹਾਂ ਲਈ ਲੜਾਂਗਾ। ਅਸੀਂ ਕਿਸੇ ਵੀ ਧਮਕੀ ਤੋਂ ਡਰਦੇ ਨਹੀਂ ਹਾਂ। ਦੱਸ ਦੇਈਏ ਕਿ ਰਾਹੁਲ ਗਾਂਧੀ ਖੁਦ ਵਾਇਨਾਡ ਤੋਂ ਸੰਸਦ ਮੈਂਬਰ ਸਨ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਅਡਾਨੀ ਗਰੁੱਪ ਦੇ ਮਾਮਲੇ ਨੂੰ ਲੈ ਕੇ ਸੰਸਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਦੇ ਰਹੇ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
