ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਭਾਰਤ ਤੋਂ ਆਉਣ-ਜਾਣ ਵਾਲੀਆਂ ਕੌਮਾਂਤਰੀ ਉਡਾਣਾਂ 15 ਦਸੰਬਰ ਤੋਂ ਮੁੜ ਸ਼ੁਰੂ ਹੋ ਜਾਣਗੀਆਂ | ਕੋਵਿਡ-19 ਮਹਾਂਮਾਰੀ ਕਾਰਨ ਪਿਛਲੇ ਸਾਲ 23 ਮਾਰਚ ਤੋਂ ਭਾਰਤ ‘ਚ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ | ਹਾਲਾਂਕਿ, ਲਗਪਗ 28 ਦੇਸ਼ਾਂ ਦੇ ਨਾਲ ਗਠਿਤ ‘ਏਅਰ ਬਬਲ’ ਪ੍ਰਬੰਧਾਂ ਦੇ ਤਹਿਤ ਪਿਛਲੇ ਸਾਲ ਜੁਲਾਈ ਤੋਂ ਵਿਸ਼ੇਸ਼ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ | ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਭਾਰਤ ਤੋਂ ਅਨੁਸੂਚਿਤ ਵਪਾਰਕ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦੇ ਮਾਮਲੇ ਦੀ ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਕੇ ਜਾਂਚ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ ਭਾਰਤ ਤੋਂ ਆਉਣ-ਜਾਣ ਲਈ ਅਨੁਸੂਚਿਤ ਵਪਾਰਕ ਕੌਮਾਂਤਰੀ ਯਾਤਰੀ ਸੇਵਾਵਾਂ 15 ਦਸੰਬਰ, 2021 ਤੋਂ ਮੁੜ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ |
