ਚੋਣਾਂ ਵਾਲੇ ਸੂਬੇ ਉੱਤਰ ਪ੍ਰਦੇਸ਼ ‘ਚ ਸੱਤਾਧਾਰੀ ਭਾਜਪਾ ਨੂੰ ਇਕ ਹੋਰ ਝਟਕਾ ਲੱਗਾ ਹੈ, ਇਕ ਹੋਰ ਓ.ਬੀ.ਸੀ. ਮੰਤਰੀ ਦਾਰਾ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਯੋਗੀ ਆਦਿੱਤਿਆਨਾਥ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਯੋਗੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਵਾਲੇ ਚੌਹਾਨ ਦੂਸਰੇ ਮੰਤਰੀ ਹਨ, ਇਸ ਤੋਂ ਪਹਿਲਾਂ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਮੰਗਲਵਾਰ ਨੂੰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਚੁੱਕੇ ਹਨ। ਯੂ.ਪੀ. ਦੀ ਰਾਜਪਾਲ ਆਨੰਦੀਬੇਨ ਪਟੇਲ ਨੂੰ ਆਪਣੀ ਅਸਤੀਫ਼ਾ ਭੇਜਣ ਵਾਲੇ ਦਾਰਾ ਸਿੰਘ ਚੌਹਾਨ ਜੰਗਲਾਤ ਤੇ ਵਾਤਾਵਰਨ ਵਿਭਾਗ ਦੇ ਮੰਤਰੀ ਸਨ। ਉਨ੍ਹਾਂ ਆਪਣੇ ਅਸਤੀਫ਼ੇ ਦੀ ਵਜ੍ਹਾ ਮੌਜੂਦਾ ਯੂ.ਪੀ. ਸਰਕਾਰ ‘ਚ ਦਲਿਤਾਂ, ਪਿਛੜਿਆ ਤੇ ਵਾਂਝਿਆਂ ਨੂੰ ਇਨਸਾਫ ਨਾ ਮਿਲਣਾ ਦੱਸਦਿਆਂ ਕਿਹਾ ਹੈ ਕਿ ਉਹ ਪਾਰਟੀ ਹਾਈ ਕਮਾਂਡ ਨੂੰ ਆਪਣੀਆਂ ਇਨ੍ਹਾਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਰਹੇ ਹਨ। ਉਨ੍ਹਾਂ ਅਜੇ ਸਪੱਸ਼ਟ ਨਹੀਂ ਕੀਤਾ ਕਿ ਉਹ ਸਮਾਜਵਾਦੀ ਪਾਰਟੀ ‘ਚ ਸ਼ਾਮਿਲ ਹੋ ਰਹੇ ਹਨ ਕਿ ਨਹੀਂ, ਪਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਚੌਹਾਨ ਵਲੋਂ ਅਸਤੀਫ਼ਾ ਦੇਣ ਦੀ ਕੀਤੀ ਪਹਿਲ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
