ਪੰਜਾਬ ਵਿੱਚ ਝੋਨੇ ਦੀ ਵਾਢੀ ਦੌਰਾਨ ਮਾਝੇ ਤੇ ਦੋਆਬਾ ਸਣੇ ਇਕ ਦਰਜਨ ਦੇ ਕਰੀਬ ਜ਼ਿਲ੍ਹਿਆਂ ’ਚ ਪਏ ਗੜਿਆਂ ਅਤੇ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ। ਦੇਰ ਸ਼ਾਮ ਅਚਾਨਕ ਬਦਲੇ ਮੌਸਮ ਕਾਰਨ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਤੇ ਫਾਜ਼ਿਲਕਾ ਸਣੇ ਹੋਰਨਾਂ ਖੇਤਰਾਂ ਵਿੱਚ ਖੇਤਾਂ ’ਚ ਪੱਕੀ ਫ਼ਸਲ ਨੁਕਸਾਨੀ ਗਈ ਹੈ। ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਵੀ ਤੇਜ਼ ਮੀਂਹ ਅਤੇ ਹਨੇਰੀ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਪੰਜਾਬ ਦੇ ਖੇਤਾਂ ’ਚ ਇਕ ਪਾਸੇ ਝੋਨੇ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ, ਉੱਥੇ ਨਾਲ ਹੀ ਮੰਡੀਆਂ ਵਿੱਚ ਫ਼ਸਲ ਦੀ ਤੁਲਾਈ ਦਾ ਕੰਮ ਵੀ ਜਾਰੀ ਹੈ। ਅੱਜ ਸ਼ਾਮ ਪਏ ਮੀਂਹ ਤੇ ਗੜਿਆਂ ਨੇ ਮੰਡੀਆਂ ਵਿਚਲੇ ਖਰੀਦ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ, ਜਿੱਥੇ ਖੁੱਲ੍ਹੇ ਆਸਮਾਨ ਹੇਠ ਢੇਰੀ ਕੀਤੀ ਝੋਨੇ ਦੀ ਫ਼ਸਲ ਬਚਾਉਣ ਲਈ ਕਿਸਾਨ ਨੂੰ ਖੁੱਜਲ-ਖੁਆਰ ਹੋਣਾ ਪੈ ਰਿਹਾ ਹੈ। ਪਹਿਲਾਂ ਹੀ ਕਿਸਾਨ ਨੂੰ ਫ਼ਸਲਾਂ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਮੰਡੀਆਂ ਵਿੱਚ ਕਈ-ਕਈ ਦਿਨ ਰੁਲਣਾ ਪੈ ਰਿਹਾ ਸੀ, ਹੁਣ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਸੂਬੇ ’ਚ ਮੀਂਹ ਅਤੇ ਠੰਢੀਆਂ ਹਵਾਵਾਂ ਦਾ ਨਰਮੇ ਦੀ ਫ਼ਸਲ ’ਤੇ ਵੀ ਅਸਰ ਪਿਆ ਹੈ। ਮੀਂਹ ਕਾਰਨ ਜਿੱਥੇ ਨਰਮੇ ਦਾ ਚੁਗਾਈ ਦਾ ਕੰਮ ਰੁਕ ਗਿਆ ਹੈ ਉੱਥੇ ਹੀ ਚੁਗਿਆ ਨਰਮਾ ਵੀ ਭਿੱਜਣ ਕਾਰਨ ਖਰਾਬ ਹੋਣ ਦਾ ਖਦਸ਼ਾ ਹੈ।
ਤਰਨ ਤਾਰਨ ਇੱਥੇ ਅੱਜ ਸ਼ਾਮ ਵੇਲੇ ਜ਼ਿਲ੍ਹੇ ਵਿੱਚ ਵੱਖ ਵੱਖ ਥਾਈਂ ਪਏ ਭਰਵੇਂ ਮੀਂਹ ਅਤੇ ਗੜਿਆਂ ਕਾਰਨ ਕਿਸਾਨਾਂ ਦੀ ਖੇਤਾਂ ਵਿੱਚ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸ ਬਾਰਸ਼ ਨੇ ਤਰਨ ਤਾਰਨ, ਗੰਡੀਵਿੰਡ, ਨੌਸ਼ਹਿਰਾ ਪੰਨੂਆਂ, ਖੇਮਕਰਨ ਆਦਿ ਬਲਾਕਾਂ ਵਿੱਚ ਦੂਰ-ਦੂਰ ਤੱਕ ਮਾਰ ਕੀਤੀ ਹੈ| ਬਾਰਸ਼ ਦੇ ਨਾਲ ਹੀ ਹੋਈ ਭਾਰੀ ਗੜੇਮਾਰੀ ਨੇ ਤਾਂ ਕਿਸਾਨ ਦੀ ਖੜ੍ਹੀ ਫ਼ਸਲ ਨੂੰ ਪੂਰੀ ਤਰ੍ਹਾਂ ਨਾਲ ਹੀ ਤਬਾਹ ਕਰਕੇ ਰੱਖ ਦਿੱਤਾ ਹੈ| ਤਰਨ ਤਾਰਨ ਤੋਂ ਇਲਾਕੇ ਦੇ ਪਿੰਡ ਠਰੂ ਤੱਕ 10 ਕਿਲੋਮੀਟਰ ਦੂਰ ਤੱਕ ਦੇਖਦਿਆਂ ਹੀ ਦੇਖਦਿਆਂ ਜ਼ਮੀਨ ’ਤੇ ਗੜਿਆਂ ਦੀ ਚਿੱਟੀ ਚਾਦਰ ਵਿਛ ਗਈ| ਗੜੇਮਾਰ ਇੰਨੀ ਭਾਰੀ ਸੀ ਕਿ ਇਸ ਨੇ ਧਰੇਕਾਂ ਦੇ ਸਾਰੇ ਪੱਤੇ ਲਾਹ ਸੁੱਟੇ| ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਇਸ ਗੜੇਮਾਰੀ ਨਾਲ ਦਰੱਖਤਾਂ ਦੇ ਸਾਰੇ ਪੱਤੇ ਝੜ ਗਏ ਹਨ ਤਾਂ ਉਸ ਅੱਗੇ ਝੋਨਾ-ਬਾਸਮਤੀ ਦੀ ਫ਼ਸਲ ਕਿਵੇਂ ਟਿਕ ਸਕਦੀ ਹੈ| ਇਕ ਅਨੁਮਾਨ ਅਨੁਸਾਰ ਇਸ ਤੂਫ਼ਾਨ ਨੇ ਕਿਸਾਨਾਂ ਦੀ ਬਾਸਮਤੀ ਦੀ ਕਿਸਮ 1121, 1509, 1718 ਤੋਂ ਇਲਾਵਾ ਝੋਨੇ ਦੀ 121 ਕਿਸਮ ਤਾਂ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤੀ ਹੈ। ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ ਦੌਰਾਨ ਮੰਡੀਆਂ ਵਿੱਚ ਸ਼ੈੱਡਾਂ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਤੇ ਤਰਪਾਲਾਂ ਦੀ ਘਾਟ ਕਾਰਨ ਇਲਾਕੇ ਦੀਆਂ ਤਰਨ ਤਾਰਨ, ਨੌਸ਼ਹਿਰਾ ਪੰਨੁੂਆ, ਸਰਹਾਲੀ, ਝਬਾਲ, ਸਰਾਏ ਅਮਾਨਤ ਖਾਂ, ਗੱਗੋਬੂਹਾ ਦੀਆਂ ਮੰਡੀਆਂ ਵਿੱਚ ਆਈ ਝੋਨੇ ਦੀ ਜਿਣਸ ਦਾ ਭਾਰੀ ਨੁਕਸਾਨ ਹੋਇਆ ਹੈ।
