-ਪੰਜ ਚੋਣਾਂ ਵਾਲੇ ਰਾਜਾਂ ‘ਚ ਕੋਵਿਡ ਸਥਿਤੀ ਦਾ ਮੁਲਾਂਕਣ ਕਰਨ ਤੋਂ ਕੁਝ ਦਿਨਾਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਟੀਕਾਕਰਨ ਮੁਹਿੰਮ ਤੇਜ਼ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਨੂੰ ਵੀ ਕਿਹਾ ਹੈ ਕਿ ਚੋਣ ਡਿਊਟੀ ‘ਤੇ ਤਾਇਨਾਤ ਕੀਤੇ ਜਾਣ ਵਾਲੇ ਕਰਮੀਆਂ ਦੇ ਦੋਵੇਂ ਟੀਕੇ ਲੱਗੇ ਹੋਣ। ਪੰਜਾਬ, ਉੱਤਰ ਪ੍ਰਦੇਸ਼, ਗੋਆ, ਮਨੀਪੁਰ ਤੇ ਉੱਤਰਾਖੰਡ ਦੇ ਮੁੱਖ ਸਕੱਤਰਾਂ ਨੂੰ ਭੇਜੇ ਗਏ ਪੱਤਰ ‘ਚ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਪੋਲਿੰਗ ਕਰਮੀ ਫਰੰਟਲਾਈਨ ਵਰਕਰਾਂ ਦੀ ਸ਼੍ਰੇਣੀ ‘ਚ ਆਉਂਦੇ ਹਨ ਅਤੇ ਉਹ ਕੋਵਿਡ ਵੈਕਸੀਨ ਦੀ ‘ਪ੍ਰੀਕੌਸ਼ਨ ਡੋਜ਼’ ਦੇ ਯੋਗ ਹਨ। ਕਮਿਸ਼ਨ ਨੇ ਇਹ ਵੀ ਕਿਹਾ ਕਿ ਉਕਤ ਸੂਬਿਆਂ ‘ਚ ਜਿਨ੍ਹਾਂ ਪੋਲਿੰਗ ਮੁਲਾਜ਼ਮਾਂ ਦੀ ਤਾਇਨਾਤੀ ਹੋਣੀ ਹੈ, ਉਨ੍ਹਾਂ ਦਾ ਪੂਰਨ ਟੀਕਾਕਰਨ ਹੋਇਆ ਹੋਵੇ ਅਤੇ ਜਿਹੜੇ ਦੂਸਰੀ ਡੋਜ਼ ਦੇ ਯੋਗ ਹਨ ਉਨ੍ਹਾਂ ਦੇ ਪਹਿਲ ਦੇ ਆਧਾਰ ‘ਤੇ ਵੈਕਸੀਨ ਲਗਾਈ ਜਾਵੇ। ਦੱਸਣਯੋਗ ਹੈ ਕਿ ਪੰਜਾਬ, ਗੋਆ ਤੇ ਮਨੀਪੁਰ ਵਿਧਾਨ ਸਭਾਵਾਂ ਦੀ ਮਿਆਦ ਮਾਰਚ ਮਹੀਨੇ ‘ਚ ਵੱਖ-ਵੱਖ ਤਰੀਕਾਂ ਨੂੰ ਖ਼ਤਮ ਹੋ ਰਹੀ ਹੈ, ਜਦਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ ਮਈ ‘ਚ ਖ਼ਤਮ ਹੋਣਾ ਹੈ। ਚੋਣ ਕਮਿਸ਼ਨ ਇਸ ਮਹੀਨੇ ਦੇ ਪਹਿਲੇ ਅੱਧ ‘ਚ ਉਕਤ ਪੰਜ ਰਾਜਾਂ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ।
