ਕੋਲੇ ਦਾ ਸੰਕਟ ਸਰਕਾਰੀ ਥਰਮਲਾਂ ’ਤੇ ਭਾਰੂ ਪੈ ਗਿਆ ਹੈ ਅਤੇ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਾਵਰਕਾਮ ਨੇ ਨਿੱਜੀ ਥਰਮਲ ਪਲਾਂਟਾਂ ’ਤੇ ਟੇਕ ਲਗਾ ਲਈ ਹੈ। ਰੋਪੜ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ ਤੇ ਲਹਿਰਾ ਮੁਹੱਬਤ ਪਲਾਂਟ ਦਾ ਸਿਰਫ ਇਕ ਯੂਨਿਟ ਚੱਲ ਰਿਹਾ ਹੈ ਜਿਸ ਕਰਕੇ 2210 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਸ਼ਨਿਚਰਵਾਰ ਨੂੰ ਪੰਜਾਬ ਵਿਚ ਬਿਜਲੀ ਦੀ ਮੰਗ ਸੱਤ ਹਜ਼ਾਰ ਮੈਗਾਵਾਟ ਤਕ ਦਰਜ ਕੀਤੀ ਗਈ ਹੈ। ਪਾਵਰਕਾਮ ਨੇ 4.60 ਰੁਪਏ ਪ੍ਰਤੀ ਯੂਨਿਟ ਦੇ ਔਸਤਨ ਮੁੱਲ ਨਾਲ 20.24 ਮਿਲੀਅਨ ਯੂਨਿਟ ਬਿਜਲੀ 9.30 ਕਰੋੜ ਖਰਚ ਕੇ ਖਰੀਦੀ ਹੈ। ਥਰਮਲਾਂ ਦੇ ਕੁੱਲ 15 ਯੂਨਿਟਾਂ ਵਿਚੋਂ ਅੱਠ ਯੂਨਿਟ ਬੰਦ ਹਨ ਜਿਨ੍ਹਾਂ ਵਿਚ ਸੱਤ ਯੂਨਿਟ ਸਰਕਾਰੀ ਤੇ ਇਕ ਯੂਨਿਟ ਨਿੱਜੀ ਪਲਾਂਟ ਦਾ ਹੈ।
ਰੋਪੜ ਵਿਖੇ ਸਥਿਤ ਪਾਵਰਕਾਮ ਦੇ ਆਪਣੇ 840 ਮੈਗਾਵਾਟ ਸਮਰੱਥਾ ਵਾਲਾ ਗੁਰੂ ਗੋਬਿੰਦਰ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਬੰਦ ਹੋ ਗਿਆ ਹੈ। ਲਹਿਰਾ ਮੁਹੱਬਤ ਵਿਖੇ ਸਥਿਤ 920 ਮੈਗਾਵਾਟ ਸਮਰੱਥਾ ਵਾਲੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਵਿਚੋਂ ਤਿੰਨ ਯੂਨਿਟ ਬੰਦ ਹਨ ਤੇ 210 ਮੈਗਾਵਾਟ ਸਮਰੱਥਾ ਵਾਲਾ ਯੂਨਿਟ ਨੰਬਰ ਇਕ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ। ਦੂੂਸਰੇ ਪਾਸੇ ਨਿੱਜੀ ਪਲਾਂਟ ਨਾਭਾ ਪਾਵਰ ਦੇ 700 ਮੈਗਾਵਾਟ ਸਮਰੱਥਾ ਵਾਲੇ ਦੋਵੇਂ ਯੂਨਿਟ, ਜੀਵੀਕੇ ਦੇ ਦੋ ਯੂਨਿਟਾਂ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ ਅਤੇ ਤਲਵੰਡੀ ਸਾਬੋ ਪਲਾਂਟ ਦੇ ਤਿੰਨ ਵਿਚੋਂ ਦੋ ਯੂਨਿਟਾਂ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ। ਬਿਜਲੀ ਦੀ ਮੰਗ ਘਟਣ ਕਾਰਨ ਕੱਟਾਂ ਤੋਂ ਭਾਵੇਂ ਰਾਹਤ ਮਿਲ ਗਈ ਹੈ ਤੇ ਪਰ ਕੋਲੇ ਦੀ ਘਾਟ ਕਰਕੇ ਸਰਕਾਰੀ ਥਰਮਲਾਂ ’ਚ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ।
