ਪੰਜਾਬ ਪੁਲਿਸ ਵਲੋਂ ‘ਆਪਰੇਸ਼ਨ ਅੰਮ੍ਰਿਤਪਾਲ’ ਤਹਿਤ ਲਗਾਤਾਰ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਇਸ ਤਹਿਤ ਹੁਣ ਖੰਨਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਗ੍ਰਿਫ਼ਤਾਰ ਕਰ ਲਿਆ ਹੈ। ਪਾਇਲ ਦੇ ਡੀ.ਐਸ.ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਰਖਾ ਬਾਬਾ ਖੰਨਾ ਦੇ ਥਾਣਾ ਮਲੌਦ ਦੇ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਹੈ।
ਮਿਲੀ ਜਾਣਕਾਰੀ ਮੁਤਾਬਕ ਗੋਰਖਾ ਬਾਬਾ ਅਕਸਰ ਅੰਮ੍ਰਿਤਪਾਲ ਦੇ ਨਾਲ ਹੀ ਰਹਿੰਦਾ ਸੀ। ਉਹ ਅਜਨਾਲਾ ਕਾਂਡ ਵਿਚ ਵੀ ਨਾਮਜ਼ਦ ਦੱਸਿਆ ਜਾ ਰਿਹਾ ਹੈ। ਗੋਰਖਾ ਬਾਬਾ ਅੰਮ੍ਰਿਤਪਾਲ ਦਾ ਗਨਮੈਨ ਬਣ ਕੇ ਰਹਿੰਦਾ ਸੀ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦਾ ਸੀ। ਇਸ ਤੋਂ ਪਹਿਲਾਂ ਲੁਧਿਆਣਾ ਪੁਲਿਸ ਨੇ ਬੁੱਧਵਾਰ ਨੂੰ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਅੰਮ੍ਰਿਤਪਾਲ ਦੇ ਕਾਫੀ ਨੇੜਲੇ ਦੱਸੇ ਜਾਂਦੇ ਹਨ।
