ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਜਿਥੇ ਪੁਲਿਸ ਹਰ ਪਹਿਲੂ ਜਾਂਚ ਰਹੀ ਹੈ ਉਥੇ ਹੀ ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਦੀ ਪਤਨੀ ਨਰਿੰਦਰ ਕੌਰ ਕੋਰਟ ਪਹੁੰਚ ਗਈ ਹੈ। ਦਲਜੀਤ ਕਲਸੀ ਦੀ ਪਤਨੀ ਨਰਿੰਦਰ ਕੌਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਖ਼ਲ ਕਰ ਕੇ ਮੰਗ ਕੀਤੀ ਹੈ ਕਿ ਉਸ ਦੇ ਪਤੀ ਨੂੰ ਅਸਾਮ ਵਿੱਚ ‘ਗ਼ੈਰਕਾਨੂੰਨੀ ਹਿਰਾਸਤ’ ਵਿੱਚੋਂ ਛੁਡਾਇਆ ਜਾਵੇ। ਦਸ ਦਈਏ ਕਿ ਦਲਜੀਤ ਕਲਸੀ ਤੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਐਨਐਸਏ ਲਾਇਆ ਗਿਆ ਹੈ। ਕਲਸੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਦਕਿ ਅੰਮ੍ਰਿਤਪਾਲ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਵਿਚੋਂ ਹੈ।
ਹਾਸਲ ਜਾਣਕਾਰੀ ਮੁਤਾਬਕ ਹਾਈਕੋਰਟ ਦੇ ਬੈਂਚ ਵੱਲੋਂ 28 ਮਾਰਚ ਨੂੰ ਇਸ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ। ਇਸੇ ਦਿਨ ਹੀ ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਕਰਨ ਸਬੰਧੀ ਪਾਈ ਗਈ ਹੈਬੀਅਸ ਕੋਰਪਸ ਅਰਜ਼ੀ ’ਤੇ ਵੀ ਸੁਣਵਾਈ ਹੋਵੇਗੀ। ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ। ਇਸ ਸਬੰਧੀ ਇੱਕ ਨਵੀਂ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਪਲੈਟੀਨਾ ਮੋਟਰਸਾਈਕਲ ਸਣੇ ਇੱਕ ਜੁਗਾੜੂ ਰੇਹੜੀ ਵਿੱਚ ਬੈਠ ਫਰਾਰ ਹੁੰਦਾ ਨਜ਼ਰ ਆ ਰਿਹਾ ਹੈ। ਇਹ ਫੁਟੇਜ ਫਿਲੌਰ ਨੇੜਲੇ ਦਾਰਾਪੁਰ ਪਿੰਡ ਤੋਂ ਪਹਿਲਾਂ ਨਹਿਰ ਵੱਲ ਜਾਂਦੇ ਰਾਹ ਦੀ ਹੈ। ਪੁਲਿਸ ਦਾਅਵਾ ਕਰ ਰਹੀ ਹੈ ਕਿ ਰੇਹੜੀ ਵਿੱਚ ਉਸ ਦੇ ਨਾਲ ਇੱਕ ਸਾਥੀ ਵੀ ਹੈ।
