ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ ‘ਚ ਅੱਜ ਜੰੁਮੇ (ਸ਼ੁੱਕਰਵਾਰ) ਦੀ ਨਮਾਜ਼ ਦੌਰਾਨ ਕੂਚਾ ਰਿਸਾਲਦਾਰ ਖੇਤਰ ਦੀ ਇਕ ਇਮਾਮਬਾਰਗਾਹ ‘ਤੇ ਹੋਏ ਬੰਬ ਧਮਾਕੇ ਅਤੇ ਗੋਲੀਬਾਰੀ ‘ਚ ਦੋ ਪੁਲਿਸ ਕਰਮਚਾਰੀਆਂ ਸਮੇਤ 57 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵਧੇਰੇ ਜ਼ਖਮੀ ਹੋ ਗਏ | ਸੂਬਾ ਖ਼ੈਬਰ ਪਖਤੂਨਖਵਾ ‘ਚ ਜੰੁਮੇ ਦੀ ਨਮਾਜ਼ ਦੌਰਾਨ ਪਹਿਲਾਂ ਵੀ ਕਈ ਵੱਡੇ ਹਮਲੇ ਹੋ ਚੁੱਕੇ ਹਨ | ਰੈਸਕਿਊ 1122 ਦੇ ਮੁਤਾਬਕ ਜ਼ਖ਼ਮੀਆਂ ਨੂੰ ਪਿਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ‘ਚ ਪਹੁੰਚਾਇਆ ਗਿਆ, ਜਿੱਥੇ ਕੁੱਝ ਦੀ ਹਾਲਤ ਗੰਭੀਰ ਹੈ | ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਖ਼ਾਨ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਿ੍ਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ | ਪਿਸ਼ਾਵਰ ਦੇ ਐਸ.ਐਸ.ਪੀ. ਆਪ੍ਰੇਸ਼ਨ ਹਾਰੂਨ ਅਲ-ਰਸ਼ੀਦ ਨੇ ਕਿਹਾ ਕਿ ਧਮਾਕਾ ਆਤਮਘਾਤੀ ਜਾਪਦਾ ਹੈ ਪਰ ਪੁਸ਼ਟੀ ਜਾਂਚ ਤੋਂ ਬਾਅਦ ਹੋਵੇਗੀ | ਉਨ੍ਹਾਂ ਕਿਹਾ ਕਿ ਇਮਾਮਬਾਰਗਾਹ ਦੇ ਪ੍ਰਵੇਸ਼ ਦੁਆਰ ‘ਤੇ ਦੋ ਸੁਰੱਖਿਆ ਕਰਮਚਾਰੀ ਤਾਇਨਾਤ ਸਨ, ਜਿਨ੍ਹਾਂ ‘ਚੋਂ ਇਕ ਦੀ ਗੋਲੀਬਾਰੀ ਦੌਰਾਨ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੂਜੇ ਦੇ ਗੰਭੀਰ ਜ਼ਖਮੀ ਹੋਣ ਉਪਰੰਤ ਹਸਪਤਾਲ ‘ਚ ਲਿਜਾਉਣ ‘ਤੇ ਮੌਤ ਹੋਈ | ਪਿਸ਼ਾਵਰ ਕੈਪੀਟਲ ਸਿਟੀ ਪੁਲਿਸ ਅਧਿਕਾਰੀ ਮੁਹੰਮਦ ਇਜਾਜ਼ ਖ਼ਾਨ ਨੇ ਕਿਹਾ ਕਿ ਧਮਾਕੇ ਤੋਂ ਪਹਿਲਾਂ ਦੋ ਹਥਿਆਰਬੰਦ ਅੱਤਵਾਦੀਆਂ ਨੇ ਮਸਜਿਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਤਾਇਨਾਤ ਪੁਲਿਸ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ‘ਤੇ ਅੱਤਵਾਦੀਆਂ ਵਲੋਂ ਗੋਲੀਬਾਰੀ ਕਰਨ ਤੋਂ ਬਾਅਦ ਮਸਜਿਦ ‘ਚ ਬੰਬ ਧਮਾਕਾ ਕੀਤਾ ਗਿਆ | ਇਜਾਜ਼ ਖ਼ਾਨ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਧਮਾਕੇ ਵਾਲੀ ਥਾਂ ‘ਤੇ ਪਹੁੰਚ ਕੇ ਉਥੋਂ ਧਮਾਕੇ ਤੇ ਗੋਲੀਬਾਰੀ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਹਨ, ਜਦਕਿ ਧਮਾਕੇ ਦੇ ਪਿੱਛੇ ਦੇ ਮਕਸਦ ਬਾਰੇ ਕੁੱਝ ਕਹਿਣਾ ਜਲਦਬਾਜ਼ੀ ਹੋਵੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਅੱਤਵਾਦੀ ਸੰਗਠਨ ਨੇ ਫਿਲਹਾਲ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਇਸਲਾਮਿਕ ਸਟੇਟ ਸਮੂਹ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੋਵਾਂ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ, ਕਿਉਂਕਿ ਇਹ ਦੋਵੇਂ ਅੱਤਵਾਦੀ ਸਮੂਹ ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲੇ ਕਰ ਚੁੱਕੇ ਹਨ |
