ਪਾਕਿਸਤਾਨ ‘ਚ ਲਗਾਤਾਰ ਮੀਂਹ ਤੋਂ ਬਾਅਦ ਆਏ ਹੜ੍ਹਾਂ ਕਾਰਨ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਮੰਗਲਵਾਰ ਤੱਕ 1136 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1600 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ | ਪਾਕਿ ਦਾ ਇਕ ਤਿਹਾਈ ਹਿੱਸਾ ਹੜ੍ਹਾਂ ‘ਚ ਡੁੱਬ ਗਿਆ ਹੈ | ਪਾਕਿ ‘ਚ ਰਹਿਣ ਵਾਲੇ 7 ‘ਚੋਂ ਇਕ ਵਿਅਕਤੀ ਹੜ੍ਹਾਂ ਤੋਂ ਪ੍ਰਭਾਵਿਤ ਹੈ | ਪਾਕਿਸਤਾਨ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਅੰਕੜਿਆਂ ਮੁਤਾਬਿਕ ਅਜੇ ਤੱਕ ਪਾਕਿ ‘ਚ ਹੜ੍ਹਾਂ ਕਾਰਨ 7 ਲੱਖ ਤੋਂ ਜ਼ਿਆਦਾ ਜਾਨਵਰ ਮਾਰੇ ਗਏ ਹਨ ਅਤੇ 3,451 ਕਿੱਲੋਮੀਟਰ ਸੜਕਾਂ, 149 ਪੁਲ, 170 ਦੁਕਾਨਾਂ ਤੇ ਕਈ ਘਰ ਤਬਾਹ ਹੋ ਗਏ ਹਨ | ਹੜ੍ਹਾਂ ਕਾਰਨ ਪਾਕਿਸਤਾਨ ਦੇ ਲਗਪਗ 3 ਕਰੋੜ ਲੋਕ ਪ੍ਰਭਾਵਿਤ ਹੋਏ ਹਨ | ਪਾਕਿ ਸਰਕਾਰ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ ਕਿ ਹੜ੍ਹਾਂ ਕਾਰਨ ਪਾਕਿ ਨੂੰ 10 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਅਤੇ ਇਹ ਸਿਰਫ਼ ਮੁੱਢਲਾ ਅੰਦਾਜ਼ਾ ਹੈ |
