-ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ‘ਚ ਕਿਸੇ ਵੀ ਔਰਤ ਨੂੰ ਮੰਤਰੀ ਵਜੋਂ ਸ਼ਾਮਿਲ ਨਹੀਂ ਕੀਤਾ ਜਾਵੇਗਾ | ਇਟਲੀ ਦੀ ਇਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਰਾਨ ਅਤੇ ਸ਼ਰੀਅਤ ਦੇ ਆਧਾਰ ‘ਤੇ ਔਰਤਾਂ ਮੰਤਰੀ ਨਹੀਂ ਬਣ ਸਕਦੀਆਂ ਪਰ ਔਰਤਾਂ ਮੰਤਰਾਲਿਆਂ, ਪੁਲਿਸ ਵਿਭਾਗ ਅਤੇ ਅਦਾਲਤ ‘ਚ ਸਹਾਇਕ ਦੇ ਤੌਰ ‘ਤੇ ਕੰਮ ਕਰ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਔਰਤਾਂ ਨੂੰ ਯੂਨੀਵਰਸਿਟੀਆਂ ‘ਚ ਜਾਣ ਤੋਂ ਨਹੀਂ ਰੋਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜਿਥੋਂ ਤੱਕ ਕੌਮਾਂਤਰੀ ਸਬੰਧਾਂ ਦਾ ਸਵਾਲ ਹੈ ਤਾਂ ਤਾਲਿਬਾਨ ਚੀਨ ਨੂੰ ਮੁੱਖ ਭਾਈਵਾਲ ਮੰਨਦਾ ਹੈ ਜੋ ਅਫ਼ਗਾਨਿਸਤਾਨ ‘ਚ ਨਿਵੇਸ਼ ਕਰਨ ਅਤੇ ਦੇਸ਼ ਦੇ ਪੁਨਰ ਨਿਰਮਾਣ ਲਈ ਤਿਆਰ ਹੈ | ਮੁਜਾਹਿਦ ਨੇ ਕਿਹਾ ਕਿ ਵਿਸ਼ਵ ਦੇ ਬਾਜ਼ਾਰਾਂ ‘ਚ ਜਾਣ ਲਈ ਚੀਨ ਸਾਡੇ ਲਈ ਇਕ ਪਾਸ ਦੀ ਤਰ੍ਹਾ ਹੈ, ਸਾਨੂੰ ਹਾਲਾਂਕਿ ਅਜਿਹਾ ਲੱਗਦਾ ਹੈ ਪਰ ਰੂਸ ਨਾਲ ਸਾਡੇ ਸਬੰਧ ਖ਼ਰਾਬ ਨਹੀਂ ਹਨ, ਜੋ ਇਸ ਖ਼ੇਤਰ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ | ਰੂਸ ਨਾਲ ਸਾਡੇ ਜ਼ਿਆਦਾਤਾਰ ਰਾਜਨੀਤਕ ਤੇ ਆਰਥਿਕ ਸਬੰਧ ਹਨ ਅਤੇ ਰੂਸ ਕੌਮਾਂਤਰੀ ਸ਼ਾਂਤੀ ਲਈ ਅਨੁਕੂਲ ਸਥਿਤੀਆਂ ਬਣਾਉਣ ‘ਚ ਆਪਣਾ ਯੋਗਦਾਨ ਦਿੰਦਾ ਹੈ |
