ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) ਦੇ ਪੇਪਰ ਲੀਕ ਹੋਣ ਤੋਂ ਬਾਅਦ ਹੁਣ ਇਸ ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ ਹੋ ਚੁੱਕਾ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਪ੍ਰੀਖਿਆ ਹੁਣ 30 ਅਪ੍ਰੈਲ ਨੂੰ ਹੋਵੇਗੀ। ਜਿਸ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 1 ਵਜੇ ਤੱਕ ਦਾ ਰੱਖਿਆ ਹੈ। ਹਾਲਾਂਕਿ ਇਸ ਵਾਰ ਪ੍ਰੀਖਿਆ ਲਈ ਕੋਈ ਵੱਖਰੀ ਫੀਸ ਨਹੀਂ ਦੇਣੀ ਪਵੇਗੀ। ਕਿਉਂਕਿ ਬੀਤੇ ਦਿਨੀਂ ਹੋਈ ਪੀਐਸਟੀਈਟੀ ਪ੍ਰੀਖਿਆ ਬੇਨਿਯਮੀਆਂ ਕਾਰਨ ਰੱਦ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਪ੍ਰੀਖਿਆ ਬਿਨਾਂ ਕਿਸੇ ਫੀਸ ਤੋਂ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਸੀ।
ਇਥੇ ਦਸਣਯੋਗ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਦਿਨੀਂ ਹੋਈ ਪੀਐਸਟੀਈਟੀ ਪ੍ਰੀਖਿਆ ਬੇਨਿਯਮੀਆਂ ਕਾਰਨ ਪੀਐਸਟੀਈਟੀ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ ਤੇ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀ) ਅੰਮ੍ਰਿਤਸਰ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਹਰਦੀਪ ਸਿੰਘ ਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਪ੍ਰੋ. ਡਾ. ਰਵਿੰਦਰ ਸਿੰਘ ਸਾਹਨੀ ਨੂੰ ਮੁਅੱਤਲ ਕਰ ਦਿੱਤਾ ਗਿਆ। ਜਦਕਿ ਸੀਐਮ ਮਾਨ ਨੇ ਲਾਪ੍ਰਵਾਹੀ ਅਤੇ ਕੁਤਾਹੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਜਿੰਮੇਵਾਰਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ। ਪ੍ਰੀਖਿਆ ਦੀ ਜ਼ਿੰਮੇਵਾਰੀ ਜੀਐਨਡੀ ਯੂਨੀਵਰਸਿਟੀ ਨੂੰ ਸੌਂਪੀ ਗਈ ਸੀ।
ਪੀਐਸਟੀਈਟੀ ਪ੍ਰੀਖਿਆ-2 ਦੀ ਸੋਸ਼ਲ ਸਟੱਡੀਜ਼ ਵਿਸ਼ੇ ਦੀ ਪ੍ਰੀਖਿਆ ਲਈ ਲਗਭਗ ਇੱਕ ਲੱਖ ਉਮੀਦਵਾਰਾਂ ਨੇ ਅਪੀਅਰ ਕੀਤਾ ਸੀ ਪਰ ਪੇਪਰ ਵਿੱਚ 60 ਵਿੱਚੋਂ 57 ਪ੍ਰਸ਼ਨਾਂ ਲਈ, ਚਾਰ ਵਿਕਲਪਾਂ ਵਿੱਚੋਂ ਇੱਕ ਨੂੰ ਹਾਈਲਾਈਟ ਕੀਤਾ ਗਿਆ ਸੀ। ਟੈਸਟ ਵਿੱਚ, ਹਾਈਲਾਈਟ ਕੀਤੇ ਵਿਕਲਪਾਂ ਵਿੱਚੋਂ 60 ਪ੍ਰਤੀਸ਼ਤ ਸਹੀ ਪਾਏ ਗਏ। ਇਸ ਤੋਂ ਇਲਾਵਾ ਪੇਪਰ ਵਿੱਚ ਕਈ ਸ਼ਬਦ ਅਤੇ ਹੋਰ ਗਲਤੀਆਂ ਸਨ। ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਵੱਲੋਂ ਜੀਐਨਡੀਯੂ ਨੂੰ ਪ੍ਰੀਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਜ਼ਿਕਰਯੋਗ ਹੈ ਕਿ PSTET ਦੀ ਪ੍ਰੀਖਿਆ 12 ਮਾਰਚ ਨੂੰ ਹੋਈ ਸੀ। ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਗਈ ਸੀ ਕਿਉਂਕਿ ਦੋ ਵੱਖ-ਵੱਖ ਪੇਪਰ ਸਨ। ਪਹਿਲੀ ਸ਼ਿਫਟ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਤੇ ਦੂਜੀ ਸ਼ਿਫਟ ਦਾ ਸਮਾਂ ਦੁਪਹਿਰ 2:30 ਵਜੇ ਤੋਂ ਸ਼ਾਮ 5 ਵਜੇ ਤੱਕ ਸੀ। ਇਸ ਪ੍ਰੀਖਿਆ ਤਹਿਤ ਪ੍ਰਾਇਮਰੀ ਟੀਚਰ ਲਈ ਪੇਪਰ-1 ਤੇ ਅੱਪਰ ਪ੍ਰਾਇਮਰੀ ਟੀਚਰ ਲਈ ਪੇਪਰ-2 ਦਾ ਆਯੋਜਨ ਕੀਤਾ ਜਾਂਦਾ ਹੈ। ਦੋਵਾਂ ਪੇਪਰਾਂ ਵਿੱਚ 150 ਨੰਬਰਾਂ ਦੇ MCQ ਪ੍ਰਸ਼ਨ ਸ਼ਾਮਲ ਕੀਤੇ ਗਏ ਸਨ। ਹਰੇਕ ਜਵਾਬ ਨੂੰ ਇੱਕ ਨਿਸ਼ਾਨ ਦਿੱਤਾ ਗਿਆ ਸੀ। ਪ੍ਰੀਖਿਆ ਵਿੱਚ ਨੈਗੇਟਿਵ ਮਾਰਕਿੰਗ ਲਾਗੂ ਨਹੀਂ ਕੀਤੀ ਗਈ ਸੀ।
