‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਭਗੌੜਾ ਐਲਾਨ ਕਰ ਦਿੱਤੇ ਗਏ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਆਏ ਦਿਨ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਦੌਰਾਨ ਹੁਣ ਇਕ ਹੋਰ ਖ਼ੁਲਾਸਾ ਹੁੰਦਾ ਹੋਇਆ ਵਿਖਾਈ ਦਿੱਤਾ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਪੁਲਿਸ ਕਾਰਵਾਈ ਦੌਰਾਨ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਦੀਪ ਸਿੱਧੂ ਵਲੋਂ ਬਣਾਈ ਗਈ ‘ਵਾਰਿਸ ਪੰਜਾਬ ਦੇ’ ਸੰਸਥਾ ਦੀ ਪ੍ਰਸਿੱਧੀ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ।
ਦਸ ਦਈਏ ਕਿ ਸੜਕ ਹਾਦਸੇ ‘ਚ ਮਾਰੇ ਗਏ ਅਦਾਕਾਰ ਦੀਪ ਸਿੱਧੂ ਦੇ ਭਰਾ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਖਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਉੱਤਰਾਧਿਕਾਰੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਸਮਾਚਾਰ ਏਜੰਸੀ ਪੀ.ਟੀ.ਆਈ ਦੀ ਇੱਕ ਰਿਪੋਰਟ ਅਨੁਸਾਰ ਜਥੇਬੰਦੀ ਦਾ ਉੱਤਰਾਧਿਕਾਰੀ ਨਾ ਮੰਨਣ ਤੋਂ ਬਾਅਦ ਖਾਲਿਸਤਾਨੀ ਨੇਤਾ ਅੰਮ੍ਰਿਤਪਾਲ ਸਿੰਘ ਨੇ ‘ਵਾਰਿਸ ਪੰਜ-ਆਬ ਦੇ’ (Warris Panj-Aab De) ਬਣਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਦੀਪ ਸਿੱਧੂ ਨੇ ਫਰਵਰੀ 2022 ਵਿੱਚ ਅੰਮ੍ਰਿਤਪਾਲ ਦਾ ਫੋਨ ਨੰਬਰ ਵੀ ਬਲਾਕ ਕਰ ਦਿੱਤਾ ਸੀ।
ਅਗਸਤ 2022 ਵਿਚ ਜਦੋਂ ਅੰਮ੍ਰਿਤਪਾਲ ਵਿਦੇਸ਼ ਤੋਂ ਪਰਤਿਆ ਅਤੇ ‘ਵਾਰਿਸ ਪੰਜਾਬ ਦੇ’ ਦੇ ਕਾਗਜ਼ਾਤ ਮੰਗੇ ਤਾਂ ਮਨਦੀਪ ਨੇ ਉਨ੍ਹਾਂ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ। ਇਸ ਪਿੱਛੋਂ ਅਚਾਨਕ ‘ਵਾਰਿਸ ਪੰਜ-ਆਬ ਦੇ’ ਨਾਂ ਦੀ ਨਵੀਂ ਸੰਸਥਾ ਸਾਹਮਣੇ ਆਈ, ਜਿਸ ਨਾਲ ਦੀਪ ਸਿੱਧੂ ਦਾ ਅਧਿਕਾਰਤ ਫੇਸਬੁੱਕ ਪੇਜ ਜੁੜਿਆ ਹੋਇਆ ਸੀ। ਮਿਲਦੇ ਜੁਲਦੇ ਨਾਮ ਹੋਣ ਕਾਰਨ ਫੇਸਬੁੱਕ ਪੇਜ ਦੇ ਫਾਲੋਅਰਜ਼ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ, ਜਿਸ ਕਾਰਨ ਲੋਕਾਂ ਵਿਚ ਭੰਬਲਭੂਸਾ ਪੈਦਾ ਹੋ ਗਿਆ ਅਤੇ ਉਨ੍ਹਾਂ ਨੇ ਇਹ ਮੰਨ ਲਿਆ ਕਿ ਦੀਪ ਸਿੱਧੂ ਵੱਲੋਂ ਬਣਾਈ ਗਈ ਸੰਸਥਾ ਨੂੰ ਹੁਣ ਅੰਮ੍ਰਿਤਪਾਲ ਹੀ ਦੇਖ ਰਿਹਾ ਹੈ। ਅੰਮ੍ਰਿਤਪਾਲ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਸਾਹਮਣੇ ਆਏ ਕੁਝ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਵਿੱਚ ਅੰਮ੍ਰਿਤਪਾਲ ਦੇ ਨਜ਼ਦੀਕੀ ਸਾਥੀ ਗੁਰਮੀਤ ਸਿੰਘ ਬੁੱਕਣਵਾਲਾ ਦੇ “ਗੁਰੂ ਨਾਨਕ ਫਰਨੀਚਰ ਸਟੋਰ” ਦੇ ਪਤੇ ‘ਤੇ ‘ਵਾਰਿਸ ਪੰਜ-ਆਬ ਦੇ’ ਦੀ ਸਥਾਪਨਾ ਕੀਤੀ ਗਈ ਸੀ।
