ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ 13 ਮਹੀਨੇ ਬਾਅਦ ਪ੍ਰਸਿੱਧ ਖੇਤੀ ਮਾਹਿਰ ਡਾ. ਸਤਬੀਰ ਸਿੰਘ ਗੋਸਲ ਦੇ ਰੂਪ ‘ਚ ਉਪ ਕੁਲਪਤੀ ਮਿਲ ਗਿਆ ਹੈ | ਡਾ.ਗੋਸਲ 20 ਅਗਸਤ ਨੂੰ ਪੀ.ਏ.ਯੂ. ਦੇ ਉਪ ਕੁਲਪਤੀ ਵਜੋਂ ਰਸਮੀ ਆਹੁਦਾ ਸੰਭਾਲਣਗੇ | ਪੰਜਾਬ ਸਰਕਾਰ ਵਲੋਂ ਡਾ. ਗੋਸਲ ਨੂੰ ਪੀ.ਏ.ਯੂ. ਦਾ ਉਪ ਕੁਲਪਤੀ ਨਿਯੁਕਤ ਕਰਨ ਦੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਰਾਹੀਂ ਦਿੱਤੀ | ਮੁੱਖ ਮੰਤਰੀ ਮਾਨ ਨੇ ਡਾ.ਗੋਸਲ ਨੂੰ ਉਪ ਕੁਲਪਤੀ ਨਿਯੁਕਤ ਹੋਣ ‘ਤੇ ਵਧਾਈ ਵੀ ਦਿੱਤੀ | ਡਾ.ਗੋਸਲ ਦਾ ਜਨਮ 1 ਅਕਤੂਬਰ 1954 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪਿੰਡ ਰਤਵਾੜਾ ਵਿਖੇ ਹੋਇਆ | ਅੱਜ ਕੱਲ੍ਹ ਉਹ ਲੁਧਿਆਣਾ ਵਿਖੇ ਰਹਿ ਰਹੇ ਹਨ | ਡਾ.ਗੋਸਲ ਨੇ ਬੀ. ਐਸ. ਸੀ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਐਸ.ਐਸ.ਸੀ. ਤੇ ਪੀ. ਐਚ. ਡੀ. ਪਲਾਂਟ ਬਰੀਡਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੋਸਟਡਾਕਟਰੇਟ ਖੋਜ ਨੋਟਿੰਘਮ ਯੂਨੀਵਰਸਿਟੀ ਅਤੇ ਜੌਹਲ ਇੰਨਸ ਸੈਂਟਰ ਨੌਰਵਿੱਚ ਇੰਗਲੈਂਡ ਤੋਂ 2 ਸਾਲ ਤੇ 6 ਮਹੀਨੇ ‘ਚ ਕੀਤੀ | ਉਨ੍ਹਾਂ ਨੇ ਜੀ.ਐਮ. ਕਰੌਪ ‘ਚ ਬਾਇਓਸੇਫ਼ਟੀ ਐਡਵਾਂਸ ਸਿਖ਼ਲਾਈ ਪਲਾਟ ਵਿਗਿਆਨ ਖੋਜ ਸੈਂਟ ਲੁਇਸ ਐਪਿਸ, ਈ.ਪੀ.ਏ. ਯੂ.ਐਸ.ਡੀ.ਏ., ਯੂ.ਐਸ.ਟੀ.ਡੀ.ਏ., ਵਸ਼ਿੰਗਟਨ ਡੀ.ਸੀ. ਯੂ.ਐਸ.ਏ. ਤੋਂ ਕੀਤੀ |
ਡਾ.ਗੋਸਲ ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ, ਪੀ.ਏ.ਯੂ. ਦੇ ਨਿਰਦੇਸ਼ਕ ਖੋਜ, ਅਡੀਸ਼ਨਲ ਨਿਰਦੇਸ਼ਕ ਖੋਜ ਪੀ. ਏ. ਯੂ., ਨਿਰਦੇਸ਼ਕ ਸਕੂਲ ਆਫ਼ ਐਗਰੀਕਲਚਰਲ ਬਾਇਓਤਕਨਾਲੋਜੀ ਪੀ. ਏ. ਯੂ., ਮੁਖੀ ਬਾਇਓਤਕਨਾਲੋਜੀ ਪੀ.ਏ.ਯੂ. ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ | ਉਹ 2012 ਤੋਂ 2015 ਤੱਕ ਪੰਜਾਬ ਸਾਇੰਸ ਅਕੈਡਮੀ ਦੇ ਪ੍ਰਧਾਨ ਰਹੇ | ਉਨ੍ਹਾਂ ਨੂੰ ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਇਰਾਕ ਤੋਂ ਇਲਾਵਾ ਦੇਸ਼ ਭਰ ‘ਚ ਕਈ ਪੁਰਸਕਾਰ ਮਿਲ ਚੁੱਕੇ ਹਨ |
