ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ‘ਚ ਗਸ਼ਤ ਦੌਰਾਨ ਬਾਰੂਦੀ ਸੁਰੰਗ ਧਮਾਕੇ ‘ਚ ਫ਼ੌਜ ਦੇ ਲੈਫਟੀਨੈਂਟ ਰਿਸ਼ੀ ਕੁਮਾਰ ਤੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਨੇੜਲੇ ਪਿੰਡ ਖੇੜਾ ਕੋਟਲੀ ਦੇ ਜਵਾਨ ਮਨਜੀਤ ਸਿੰਘ ਸ਼ਹੀਦ ਹੋ ਗਏ, ਜਦੋਂਕਿ 3 ਹੋਰ ਜ਼ਖ਼ਮੀ ਹੋ ਗਏ | ਸੂਤਰਾਂ ਅਨੁਸਾਰ ਸਨਿਚਰਵਾਰ ਦੁਪਹਿਰ ਨੌਸ਼ਹਿਰਾ ਇਲਾਕੇ ਦੇ ਕਲਾਲ ਸੈਕਟਰ ਸਥਿਤ ਕੰਟਰੋਲ ਰੇਖਾ ਨੇੜੇ ਗਸ਼ਤ ਦੌਰਾਨ ਬਾਰੂਦੀ ਸੁਰੰਗ ‘ਚ ਧਮਾਕਾ ਹੋਣ ਨਾਲ ਇਕ ਅਧਿਕਾਰੀ ਤੇ ਕਈ ਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਇਨ੍ਹਾਂ ਨੂੰ ਕਮਾਂਡ ਹਸਪਤਾਲ ਊਧਮਪੁਰ ਰੈਫਰ ਕਰ ਦਿੱਤਾ ਗਿਆ, ਜਿਥੇ ਅਧਿਕਾਰੀ ਤੇ ਇਕ ਜਵਾਨ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਗਏ | ਸ਼ਹੀਦ ਲੈਫਟੀਨੈਂਟ ਰਿਸ਼ੀ ਕੁਮਾਰ ਦੀ ਪਛਾਣ ਬੇਗੂਸਰਾਏ (ਬਿਹਾਰ) ਵਜੋਂ ਹੋਈ ਹੈ | ਫ਼ੌਜ ਨੇ ਧਮਾਕੇ ਵਾਲੀ ਥਾਂ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ |
ਦਸੂਹਾ ਦੇ ਪਿੰਡ ਖੇੜਾ ਕੋਟਲੀ ਦਾ ਵਾਸੀ ਸੀ ਸ਼ਹੀਦ ਮਨਜੀਤ ਸਿੰਘ
ਦਸੂਹਾ, (ਕੌਸ਼ਲ)- ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ‘ਚ ਸ਼ਹੀਦ ਹੋਇਆ ਮਨਜੀਤ ਸਿੰਘ ਦਸੂਹਾ ਦੇ ਨੇੜਲੇ ਪਿੰਡ ਖੇੜਾ ਕੋਟਲੀ ਨਾਲ ਸਬੰਧਤ ਸੀ | ਜਾਣਕਾਰੀ ਅਨੁਸਾਰ ਮਨਜੀਤ ਸਿੰਘ ਸਾਬੀ ਪੁੱਤਰ ਰਾਮ ਕਿਸ਼ਨ ਜੰਮੂ ਕਸ਼ਮੀਰ ‘ਚ 17 ਸਿੱਖ ਰੈਜਮਿੰਟ ‘ਚ ਬਤੌਰ ਸਿਪਾਹੀ ਡਿਊਟੀ ਨਿਭਾਅ ਰਿਹਾ ਸੀ | ਮਨਜੀਤ ਸਿੰਘ ਸਾਬੀ ਦੀ ਮਿ੍ਤਕ ਦੇਹ 31 ਅਕਤੂਬਰ ਨੂੰ ਦਸੂਹਾ ਪਹੁੰਗੇਗੀ | ਉਪਰੰਤ ਜੱਦੀ ਪਿੰਡ ਖੈੜਾ ਕੋਟਲੀ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ |
