ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚੋਂ ਨਸ਼ਰ ਹੋਏ ਲਾਈਵ ਇੰਟਰਵਿਊ ਨੂੰ ਤਕਰੀਬਨ ਇਕ ਮਹੀਨਾ ਬੀਤ ਚੁੱਕਾ ਹੈ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ‘ਤੇ ਪੰਜਾਬ ਸਰਕਾਰ ਨੇ ਐਕਸ਼ਨ ਲੈ ਹੀ ਲਿਆ ਹੈ। ਦਰਅਸਲ, ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੇ ਇੰਟਰਵਿਊ ਦੀ ਜਾਂਚ ਦਾ ਕੰਮ 15 ਦਿਨਾਂ ਵਿਚ ਨਿਪਟਾ ਕੇ ਤੱਥਾਂ ’ਤੇ ਆਧਾਰਿਤ ਰਿਪੋਰਟ ਦੇਣ ਲਈ ਜਾਂਚ ਕਮੇਟੀ ਨੂੰ ਤਾਕੀਦ ਕੀਤੀ ਹੈ। ਜਾਂਚ ਕਮੇਟੀ ਸਪੈਸ਼ਲ ਡੀ.ਜੀ.ਪੀ. ਕੁਲਦੀਪ ਸਿੰਘ ਦੀ ਅਗਵਾਈ ਵਿਚ ਆਪਣਾ ਕੰਮ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਮੁੱਖ ਸਕੱਤਰ ਵਲੋਂ ਗਠਿਤ ਕੀਤੀ ਗਈ ਕਮੇਟੀ ਵਿਚ ਸਪੈਸ਼ਲ ਡੀ.ਜੀ.ਪੀ. ਕੁਲਦੀਪ ਸਿੰਘ ਦੇ ਨਾਲ-ਨਾਲ ਏ.ਡੀ.ਜੀ.ਪੀ. ਜੇਲ੍ਹ ਨੂੰ ਵੀ ਮੈਂਬਰ ਰੱਖਿਆ ਗਿਆ ਹੈ, ਜਿਸ ਵਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਟੀ.ਵੀ. ’ਤੇ ਇੰਟਰਵਿਊ ਚੱਲਣ ਦੇ ਸਮੇਂ ਉਹ ਕਿਸ ਜੇਲ੍ਹ ਵਿਚ ਬੰਦ ਸੀ ਅਤੇ ਉਸ ਸਮੇਂ ਉਸ ਕੋਲ ਮੋਬਾਇਲ ਫ਼ੋਨ ਅਤੇ ਇੰਟਰਨੈੱਟ ਦੀ ਸਹੂਲਤ ਕਿਵੇਂ ਪਹੁੰਚੀ ਸੀ। ਧਿਆਨ ਰਹੇ ਕਿ ਇਸ ਮਾਮਲੇ ਕਾਰਨ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਫ਼ੀ ਕਿਰਕਿਰੀ ਹੋਈ ਸੀ। ਇਥੇ ਇਹ ਵੀ ਦਸ ਦਈਏ ਕਿ ਬੀਤੇ ਕੱਲ੍ਹ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ‘ਤੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀ.ਜੀ.ਪੀ. ਨੂੰ ਸਵਾਲਾਂ ਦੇ ਕਠਹਿਰੇ ਵਿਚ ਖੜਾ ਕਰ ਦਿੱਤਾ ਹੈ। ਉਹਨਾਂ ਸਵਾਲ ਕੀਤਾ ਲਾਰੈਂਸ ਬਿਸ਼ਨੋਈ ਦੀ ਲਾਈਵ ਇੰਟਰਵਿਊ ਨੂੰ ਨਸ਼ਰ ਹੋਇਆ ਤਕਰੀਬਨ ਇਕ ਮਹੀਨਾ ਬੀਤ ਚੁੱਕਾ ਹੈ। ਪਰ ਹਾਲੇ ਤੱਕ ਮਾਨ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਹੋਈ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਤੁਸੀਂ ਇਹਨਾਂ ਗੈਂਗਸਟਰਾਂ ਨੂੰ ਨੱਥ ਨਹੀਂ ਪਾ ਸਕਦੇ ਤਾਂ ਪੰਜਾਬ ਛੱਡ ਦਿਓ।
