ਗੋਆ ਦੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਸਮੇਤ 8 ਕਾਂਗਰਸੀ ਵਿਧਾਇਕ ਬੁੱਧਵਾਰ ਨੂੰ ਸੱਤਾਧਾਰੀ ਪਾਰਟੀ ਭਾਜਪਾ ‘ਚ ਸ਼ਾਮਿਲ ਹੋ ਗਏ, ਜਿਸ ਨਾਲ ਵਿਰੋਧੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਸੂਬੇ ਦੀ 40 ਮੈਂਬਰੀ ਵਿਧਾਨ ਸਭਾ ‘ਚ ਹੁਣ ਉਨ੍ਹਾਂ ਦੇ ਸਿਰਫ਼ ਤਿੰਨ ਵਿਧਾਇਕ ਰਹਿ ਗਏ ਹਨ | ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਸੂਬਾ ਭਾਜਪਾ ਪ੍ਰਧਾਨ ਸਦਾਨੰਦ ਸ਼ੇਤ ਤਨਵੜੇ ਦੀ ਮੌਜੂਦਗੀ ‘ਚ 8 ਕਾਂਗਰਸੀ ਵਿਧਾਇਕ ਭਾਜਪਾ ‘ਚ ਸ਼ਾਮਿਲ ਹੋ ਗਏ | ਇਸ ਮੌਕੇ ਮੁੱਖ ਮੰਤਰੀ ਸਾਵੰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਦਨ ‘ਚ ਭਾਜਪਾ ਦੀ ਗਿਣਤੀ 28 ਤੱਕ ਵਧਣ ਦੇ ਬਾਵਜੂਦ ਵੀ ਮੰਤਰੀ ਮੰਡਲ ‘ਚ ਫੇਰਬਦਲ ਕਰਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ | ਸਾਵੰਤ ਨੇ ਦੱਸਿਆ ਕਿ 8 ਕਾਂਗਰਸੀ ਵਿਧਾਇਕ ਬਿਨਾਂ ਸ਼ਰਤ ਭਾਜਪਾ ‘ਚ ਸ਼ਾਮਿਲ ਹੋਏ ਹਨ | ਸਾਵੰਤ ਨੇ ਕਿਹਾ ਕਿ ਭਾਜਪਾ ਕੋਲ ਹੁਣ 28 ਵਿਧਾਇਕ ਹਨ ਅਤੇ ਵਿਧਾਨ ਸਭਾ ‘ਚ ਕੁੱਲ 33 ਵਿਧਾਇਕਾਂ ਦਾ ਸਮਰਥਨ ਹਾਸਲ ਹੈ | ਸਾਵੰਤ ਨੇ ਤਨਜ਼ ਕਰਦਿਆਂ ਕਿਹਾ ਕਿ ‘ਕਾਂਗਰਸ ਛੋਡੋ ਯਾਤਰਾ’ ਗੋਆ ਤੋਂ ਸ਼ੁਰੂ ਹੋ ਗਈ ਹੈ, ਜਿਵੇਂ ਕਿ ਉਸ ਪਾਰਟੀ ਦੇ ਵਿਧਾਇਕਾਂ ਦੇ ਭਾਜਪਾ ‘ਚ ਆਉਣ ਨਾਲ ਵੇਖਿਆ ਜਾ ਸਕਦਾ ਹੈ | ਦੱਸਣਯੋਗ ਹੈ ਕਿ ਜੁਲਾਈ 2019 ‘ਚ ਇਸੇ ਤਰ੍ਹਾਂ ਦੇ ਕਦਮ ਤਹਿਤ ਕਾਂਗਰਸ ਦੇ 10 ਵਿਧਾਇਕ ਗੋਆ ‘ਚ ਭਾਜਪਾ ‘ਚ ਸ਼ਾਮਿਲ ਹੋ ਗਏ ਸਨ |
