16 ਸਾਲ ਦੀ ਉਮਰ ਵਿੱਚ ਹੁਨਰਮੰਦ ਬੱਚੀ ਨੇ ਭਾਰਤ ਦੀ ਜਨਤਾ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸੇਕੁਲਰਿਜਮ ਉੱਤੇ ਅੰਗਰੇਜ਼ੀ ਭਾਸ਼ਾ ਵਿੱਚ ਇੱਕ 90 ਪੰਨਿਆਂ ਵਾਲੀ ਕਿਤਾਬ ਲਿਖ ਦਿੱਤੀ ਅਤੇ ਕਿਤਾਬ ਵੀ ਅਜਿਹੀ ਲਿਖੀ ਕਿ ਅਮਰੀਕਾ ਵਿੱਚ ਰਹਿਣ ਵਾਲੇ ਇੱਕ ਪਬਲਿਸ਼ਰ ਨੇ ਲਿਖਤ ਪੜ੍ਹ ਉਸ ਨੂੰ ਛਾਪਣ ਦੇ ਨਾਲ ਨਾਲ ਹੀ ਉਸ ਦੇ ਅਧਿਕਾਰ ਵੀ ਸੁਰੱਖਿਅਤ ਕਰਵਾ ਕੇ ਦਿੱਤੇ।
ਖੰਨਾ ਦੇ ਲਲਹੇੜੀ ਰੋਡ ਉਤੇ ਰਹਿਣ ਵਾਲੀ ਅਤੇ ਲਾਲਾ ਸਰਕਾਰੂ ਮਲ ਸਰਵਹਿਤਕਾਰੀ ਵਿਦਿਆ ਮੰਦਿਰ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਰਸ਼ਮਿਨ ਭਾਰਦਵਾਜ ਦੀ। ਜੋ ਕੀ ਜਨਮ ਤੋ ਹੀ ਇਕ ਹੱਥ ਤੋਂ ਦਿਵਿਆਂਗ ਹੈ, ਪਰ ਉਸ ਨੇ ਕਦੇ ਵੀ ਆਪਣੀ ਸਰੀਰਕ ਕਮੀ ਨੂੰ ਆਪਣੇ ਦਿਲ ਅਤੇ ਦਿਮਾਗ ਉੱਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਦੂਸਰੀਆਂ ਲਈ ਵੀ ਪ੍ਰੇਰਨਾ ਬਣੀ ਹੈ।
16 ਵਰ੍ਹਿਆਂ ਦੀ ਰਸ਼ਮਿਨ ਭਾਰਦਵਾਜ ਵਲੋਂ ਭਾਰਤੀ ਸੇਕੁਲਰਿਜਮ ਉੱਤੇ ਲਿਖੀ ਗਈ ਕਿਤਾਬ ਦਾ ਨਾਂ ਹੈ “ਦੀ ਕੈਲੇਜੀਨਿਅਸ ਲਾਈਟ” ਭਾਵ ( ਮੱਧਮ ਰੋਸ਼ਨੀ ), 90 ਪੰਨਿਆਂ ਦੀ ਲਿਖੀ ਗਈ ਇਹ ਕਿਤਾਬ ਅੰਗਰੇਜ਼ੀ ਭਾਸ਼ਾ ਵਿੱਚ ਹੈ। ਰਸ਼ਮਿਨ ਦਾ ਵਿਚਾਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਕਿਤਾਬ ਨੂੰ ਭਾਰਤੀਆਂ ਲਈ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਟਰਾਂਸਲੇਟ ਕਰਨਾ ਹੈ।
ਕਿਤਾਬ ਨੂੰ ਛਾਪਣ ਵਾਲੇ ਅਮਰੀਕਾ ਤੋਂ ਮਿਸ਼ਿਗਨ ਦੇ ਪ੍ਰੋਫੈਸਰ ਤੂਫਾਨੀ ਪਬਲਿਸ਼ਰਸ ਹਨ ਜੋ ਕੀ ਭਾਰਤੀ ਮੂਲ ਦੇ ਹਨ। ਜਿੱਥੇ ਭਾਰਤ ਵਿੱਚ ਰਸ਼ਮਿਨ ਦੀ ਕਿਤਾਬ ਛਾਪਣ ਲਈ ਪਬਲਿਸ਼ਰਸ ਪੈਸੇ ਦੀ ਮੰਗ ਕਰ ਰਹੇ ਸਨ, ਉੱਥੇ ਹੀ ਅਮਰੀਕਾ ਦੇ ਪਬਲਿਸ਼ਰ ਨੇ ਇਸ ਕਿਤਾਬ ਨੂੰ ਛਾਪਣ ਲਈ ਕੋਈ ਵੀ ਖਰਚ ਨਹੀਂ ਲਿਆ ਬਲਕਿ ਹੁਣ ਕਿਤਾਬ ਦੀ ਵਿਕਰੀ ਤੇ ਰਾਇਲਟੀ ਵੀ ਰਸ਼ਮਿਨ ਨੂੰ ਮਿਲੇਗੀ। ਇਸ ਕਿਤਾਬ ਦੀਆਂ ਫਿਲਹਾਲ ਘੱਟ ਕਾਪੀਆਂ ਛਾਪੀਆਂ ਗਈਆ ਹਨ ਅਤੇ ਇਹ ਕਿਤਾਬ ਕਈ ਆਨਲਾਈਨ ਪਲੇਟਫਾਰਮ ਉੱਤੇ ਉਪਲੱਬਧ ਹੈ।
ਰਸ਼ਮਿਨ ਇਕ ਮੱਧਵਰਗੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਨੇ ਦੱਸਿਆ ਕਿ ਉਸ ਦੇ ਇਸ ਸ਼ੌਂਕ ਲਈ ਉਸ ਦਾ ਪਰਵਾਰ ਅਤੇ ਉਸ ਦੇ ਅਧਿਆਪਕ ਪੂਰਾ ਸਾਥ ਦਿੰਦੇ ਹਨ। ਰਸ਼ਮਿਨ ਆਪਣੇ ਹੱਥ ਦੀ ਕਮੀ ਨੂੰ ਕਦੇ ਵੀ ਆਪਣੇ ਦਿੱਲ ਅਤੇ ਦਿਮਾਗ ਤੇ ਹਾਵੀ ਨਹੀਂ ਹੋਣ ਦਿੰਦੀ ਸਗੋਂ ਆਪਣੀ ਲਗਨ ਨਾਲ ਆਪਣੇ ਕੰਮ ਵਿੱਚ ਲੱਗ ਜਾਂਦੀ ਹੈ।
ਰਸ਼ਮਿਨ ਦੇ ਅਨੁਸਾਰ ਉਸ ਦੀ ਇਹ ਕਿਤਾਬ “ਦੀ ਕੈਲੇਜੀਨਿਅਸ ਲਾਈਟ” ਪੰਜ ਦੋਸਤਾਂ ਦੀ ਕਹਾਣੀ ਹੈ ਜਿਸ ਵਿੱਚ 3 ਲੜਕੀਆਂ ਹਨ ਅਤੇ 2 ਲੜਕੇ ਹਨ। ਜੋਕਿ ਅਲੱਗ ਅਲੱਗ ਧਰਮ ਨਾਲ ਸੰਬੰਧ ਰੱਖਦੇ ਹਨ, ਜਿਨ੍ਹਾਂ ਵਿਚੋਂ 2 ਦੋਸਤ ਹਿੰਦੂ, 2 ਮੁਸਲਮਾਨ ਅਤੇ 1 ਈਸਾਈ ਹੈ। ਇਹ ਦੋਸਤ ਮਿਲ ਕੇ ਧਰਮ ਦੇ ਨਾਮ ਉਤੇ ਹੋ ਰਹੀ ਰਾਜਨੀਤੀ ਦੇ ਖਿਲਾਫ਼ ਸੇਕੁਲਰਿਜਮ ਲਈ ਲੜਾਈ ਦੀ ਸ਼ੁਰੁਆਤ ਕਰਦੇ ਹਨ ।
11 ਵਰ੍ਹਿਆਂ ਦੀ ਉਮਰ ਤੋਂ ਹੀ ਕਵਿਤਾਵਾਂ ਅਤੇ ਲਿਖਤਾਂ ਲਿਖਣ ਵਾਲੀ ਰਸ਼ਮਿਨ ਦੇ ਅਨੁਸਾਰ ਉਸ ਨੂੰ ਲਿਖਣ ਦਾ ਵਿਚਾਰ ਆਪਣੇ ਆਲੇ ਦੁਆਲੇ ਦੇ ਮਾਹੌਲ ਤੋਂ ਮਿਲਦਾ ਹੈ ਅਤੇ ਜਦੋਂ ਵੀ ਕਿਸੀ ਨਾਲ ਕਿਸੀ ਵੀ ਮੁੱਦੇ ਤੇ ਵਿਚਾਰ ਸਾਂਝੇ ਕੀਤੇ ਜਾਂਦੇ ਨੇ ਜਾਂ ਫ਼ਿਰ ਕਿਸੀ ਵੀ ਮੁੱਦੇ ਨੂੰ ਲੈ ਕੇ ਕੋਈ ਬਹਿਸ ਹੋਵੇ, ਇਹ ਕਿਤਾਬ ਵੀ ਇਸੇ ਤਰ੍ਹਾਂ ਇਕ ਬਹਿਸ ਤੋਂ ਬਾਅਦ ਹੀ ਲਿਖੀ ਗਈ ਹੈ। ਖੰਨਾ ਦੀ ਇਸ ਪ੍ਰਤਿਭਾਵਾਨ ਧੀ ਨੂੰ ਕਈ ਲੇਖਕਾ ਵਲੋਂ ਦੁਆਵਾਂ ਮਿਲ ਰਹੀਆਂ ਹਨ।
