ਪੰਜਾਬ ਦੇ ਵਿਚ ਮਾਹੌਲ ਇਸ ਕਦਰ ਖ਼ਰਾਬ ਹੋ ਚੁੱਕਾ ਹੈ ਕਿ ਦੋਸ਼ੀ ਬਿਨਾਂ ਕਿਸੇ ਖੌਫ਼ ਤੋਂ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ। ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਪਿੰਡ ਬਾਣੀਆਂ ਵਿਖੇ ਗੁਰਦੁਆਰਾ ਸਾਹਿਬ ’ਚੋਂ ਰਹਿਰਾਸ ਸਾਹਿਬ ਦਾ ਪਾਠ ਕਰਕੇ ਵਾਪਸ ਘਰ ਪਰਤ ਰਹੇ ਖਡੂਰ ਸਾਹਿਬ ਵਾਸੀ ਗ੍ਰੰਥੀ ਸੁਖਚੈਨ ਸਿੰਘ ਉਪਰ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਗ੍ਰੰਥੀ ਦੀ ਇਕ ਲੱਤ ਵੱਢ ਦੇ ਨਾਲ ਲੈ ਗਏ।ਹੋਰ ਤਾਂ ਹੋਰ ਇਕ ਹੱਥ ਦੀਆਂ ਉਂਗਲਾਂ ਵੀ ਵੱਢ ਦਿੱਤੀਆਂ ਗਈਆਂ। ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਗੰਭੀਰ ਹਾਲਤ ਵਿਚ ਜ਼ਖ਼ਮੀ ਗ੍ਰੰਥੀ ਸਿੰਘ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਸੁਖਚੈਨ ਸਿੰਘ ਪਿੰਡ ਬਾਣੀਆਂ ਵਿਖੇ ਗ੍ਰੰਥੀ ਦੀ ਡਿਊਟੀ ਕਰਕੇ ਰਾਤ 8 ਵਜੇ ਦੇ ਕਰੀਬ ਜਦੋਂ ਉਹ ਘਰ ਵਾਪਿਸ ਆ ਰਹੇ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ, ਹਮਲਾਵਰ ਉਨ੍ਹਾਂ ਦੀ ਲੱਤ ਵੱਢ ਕੇ ਨਾਲ਼ ਲੈ ਗਏ ਅਤੇ ਹਮਲੇ ਦੌਰਾਨ ਉਨ੍ਹਾਂ ਦੇ ਇਕ ਹੱਥ ਦੀਆਂ ਉਂਗਲਾਂ ਵੀ ਵੱਢੀਆਂ ਗਈਆਂ। ਸੁਖਚੈਨ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰਿਕ ਮੈਂਬਰਾ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਇਸ ਸਬੰਧੀ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਜਤਿੰਦਰ ਸਿੰਘ ਦਾ ਕਹਿਣਾ ਹੈ ਕੇ ਉਨ੍ਹਾਂ ਵੱਲੋਂ ਮੌਕਾ ਦੇਖਿਆ ਗਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ।
