ਇਕ ਪਾਸੇ ਤਾਂ ਡੀਜੀਪੀ ਪੰਜਾਬ ਅਤੇ ਮਾਨ ਸਰਕਾਰ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਠੀਕ ਹੋਣ ਦਾ ਦਾਅਵਾ ਕਰਦੇ ਹਨ ਪਰ ਉਥੇ ਹੀ ਇਹਨਾਂ ਦਾਅਵਿਆਂ ਦੀ ਪੋਲ ਖੋਲ੍ਹਦੀ ਉਦੋਂ ਵਿਖਾਈ ਦਿੱਤੀ ਜਦੋਂ ਪੰਜਾਬ ਭਾਜਪਾ ਐੱਸ. ਸੀ. ਮੋਰਚਾ ਦੇ ਆਗੂ ਬਲਵਿੰਦਰ ਸਿੰਘ ਗਿੱਲ ਨੂੰ ਘਰ ‘ਚ ਵੜਕੇ ਗੋਲ਼ੀਆਂ ਮਾਰੀਆਂ ਗਈਆਂ। ਇਸ ਦੌਰਾਨ ਗੋਲੀ ਬਲਵਿੰਦਰ ਸਿੰਘ ਦੇ ਜਬਾੜੇ ‘ਚੋਂ ਆਰ-ਪਾਰ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਪੁਲਸ ਘਟਨਾ ਦੀ ਜਾਣਕਾਰੀ ਪ੍ਰਾਪਤ ਕਰ ਰਹੀ ਹੈ, ਜਾਂਚ ਵਿੱਚ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਪੁਲਸ ਮੁਤਾਬਕ ਭਾਜਪਾ ਆਗੂ ਆਪਣੇ ਘਰ ਆਰਾਮ ‘ਚ ਕਰ ਰਿਹਾ ਸੀ, ਉਦੋਂ ਬਾਈਕ ਸਵਾਰ ਅਣਪਛਾਤੇ ਅਨਸਰਾਂ ਨੇ ਉਨ੍ਹਾਂ ਦੇ ਘਰ ਦੀ ਬੈੱਲ ਵਜਾਈ ਤੇ ਜਿਵੇਂ ਹੀ ਭਾਜਪਾ ਆਗੂ ਨੇ ਗੇਟ ਖੋਲ੍ਹਿਆ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੇ ਮੂੰਹ ‘ਤੇ ਗੋਲ਼ੀ ਮਾਰ ਦਿੱਤੀ। ਜਾਣਕਾਰੀ ਅਨੁਸਾਰ ਗੋਲ਼ੀ ਬਲਵਿੰਦਰ ਦੇ ਜਬਾੜੇ ‘ਚੋਂ ਆਰ-ਪਾਰ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬਾਈਕ ‘ਤੇ ਫਰਾਰ ਹੋ ਗਏ। ਗੋਲ਼ੀ ਦੀ ਆਵਾਜ਼ ਸੁਣਦੇ ਹੀ ਪਰਿਵਾਰ ਅਤੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਭਾਜਪਾ ਆਗੂ ਨੂੰ ਪਹਿਲਾਂ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਸ ਆਸ-ਪਾਸ ਦੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਣ ਲੱਗੀ ਹੋਈ ਹੈ।
