ਇਕ ਵਾਰ ਫੇਰ ਕੋਰੋਨਾ ਨੇ ਭਾਰਤ ਦੇ ਵਿਚ ਆਪਣਾ ਕਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸਦੇ ਵੱਧਦੇ ਕੇਸਾਂ ਨੇ ਜਿੱਥੇ ਕੇਂਦਰ ਸਰਕਾਰ ਚਿੰਤਾ ‘ਚ ਪਾ ਦਿੱਤੀ ਹੈ ਉਥੇ ਹੀ ਸੂਬਾ ਸਰਕਾਰਾਂ ਵੀ ਕਾਫੀ ਚਿੰਤਤ ਵਿਖਾਈ ਦੇ ਰਹੀਆਂ ਹਨ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ’ਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ’ਚ ਕੋਰੋਨਾ ਦੀ ਸਥਿਤੀ ਬਿਲਕੁਲ ਕੰਟਰੋਲ ’ਚ ਹੈ ਤੇ ਕੋਈ ਵੀ ਮਰੀਜ਼ ਵੈਂਟੀਲੇਟਰ ’ਤੇ ਨਹੀਂ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਸਪਤਾਲਾਂ ’ਚ ਸਾਰੀਆਂ ਮੈਡੀਕਲ ਸਹੂਲਤਾਂ, ਦਵਾਈਆਂ, ਆਕਸੀਜਨ ਵਗੈਰਾ ਦਾ ਪੂਰਾ ਪ੍ਰਬੰਧ ਹੈ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਂ ਲਗਾਤਾਰ ਸਿਹਤ ਮੰਤਰਾਲੇ ਨਾਲ ਸੰਪਰਕ ’ਚ ਹਾਂ। ਖੁਸ਼ ਰਹੋ..ਤੰਦਰੁਸਤ ਰਹੋ..।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ ਬਿਲਕੁਲ ਕੰਟਰੋਲ ਵਿੱਚ ਹੈ..ਕੋਈ ਵੀ ਮਰੀਜ਼ ਵੈੰਟੀਲੇਟਰ ਤੇ ਨਹੀਂ ਹੈ ..ਹਸਪਤਾਲਾਂ ਵਿੱਚ ਸਾਰੀਆਂ ਮੈਡੀਕਲ ਸਹੂਲਤਾਂ, ਦਵਾਈਆਂ,ਆਕਸੀਜਨ ਵਗੈਰਾ ਦਾ ਪੂਰਾ ਪੑਬੰਧ ਹੈ..ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹਾਂ..ਮੈਂ ਲਗਾਤਾਰ ਸਿਹਤ ਮੰਤਰਾਲੇ ਨਾਲ ਸੰਪਰਕ ਵਿੱਚ ਹਾਂ..ਖੁਸ਼ ਰਹੋ..ਤੰਦਰੁਸਤ ਰਹੋ..
— Bhagwant Mann (@BhagwantMann) April 6, 2023
ਜ਼ਿਕਰਯੋਗ ਹੈ ਕਿ ਭਾਰਤ ’ਚ ਕੋਰੋਨਾ ਮਹਾਮਾਰੀ ਦਾ ਖ਼ਤਰਾ ਫਿਰ ਤੋਂ ਵਧਣ ਲੱਗ ਪਿਆ ਹੈ। ਇਕ ਦਿਨ ’ਚ 5,335 ਨਵੇਂ ਮਾਮਲੇ ਆਉਣ ਮਗਰੋਂ ਦੇਸ਼ ‘ਚ ਹੁਣ ਤੱਕ ਪੀੜਤ ਹੋਏ ਲੋਕਾਂ ਦੀ ਗਿਣਤੀ 4,47,39,054 ਹੋ ਗਈ ਹੈ। ਪਿਛਲੇ 195 ਦਿਨਾਂ ’ਚ ਸਾਹਮਣੇ ਆਏ ਇਹ ਸਭ ਤੋਂ ਜ਼ਿਆਦਾ ਮਾਮਲੇ ਹਨ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 25,587 ‘ਤੇ ਪਹੁੰਚ ਗਈ ਹੈ। ਦੱਸ ਦੇਈਏ ਕਿ ਦੇਸ਼ ’ਚ ਪਿਛਲੇ ਸਾਲ 23 ਸਤੰਬਰ ਨੂੰ 5,383 ਰੋਜ਼ਾਨਾ ਦੇ ਮਾਮਲੇ ਸਾਹਮਣੇ ਆਏ ਸਨ।

