ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਵੇਰੇ 11 ਵਜੇ ਭਾਜਪਾ ਵਿੱਚ ਸ਼ਾਮਲ ਹੋਣਗੇ। ਇਸ ਦੇ ਲਈ ਉਹ ਐਤਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ। ਬੇਟਾ ਰਣਇੰਦਰ ਸਿੰਘ, ਬੇਟੀ ਜੈ ਇੰਦਰ ਕੌਰ, ਮੁਕਤਸਰ ਤੋਂ ਸਾਬਕਾ ਵਿਧਾਇਕ ਕਰਨ ਕੌਰ ਅਤੇ ਭਦੌੜ ਤੋਂ ਸਾਬਕਾ ਵਿਧਾਇਕ ਨਿਰਮਲ ਸਿੰਘ ਵੀ ਭਾਜਪਾ ‘ਚ ਸ਼ਾਮਲ ਹੋਣਗੇ। ਕੈਪਟਨ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਵੀ ਭਾਜਪਾ ਵਿੱਚ ਰਲੇਵਾਂ ਕਰਨਗੇ। ਇਸ ਤੋਂ ਪਹਿਲਾਂ ਵੀ ਕੈਪਟਨ ਦੇ ਕਈ ਸਾਥੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।
ਭਾਜਪਾ ਪੰਜਾਬ ਵਿੱਚ ਪਾਰਟੀ ਦਾ ਪੁਨਰਗਠਨ ਕਰਨ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਭਾਜਪਾ ਦੇ ਮੌਜੂਦਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਅਜਿਹੇ ‘ਚ ਪੰਜਾਬ ਲੋਕ ਕਾਂਗਰਸ ਦੇ ਭਾਜਪਾ ‘ਚ ਰਲੇਵੇਂ ਤੋਂ ਬਾਅਦ ਪਾਰਟੀ ਲੀਡਰਸ਼ਿਪ ਕੈਪਟਨ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਪੰਜਾਬ ‘ਚ ਅਹਿਮ ਜ਼ਿੰਮੇਵਾਰੀਆਂ ਸੌਂਪ ਸਕਦੀ ਹੈ। ਨਵਜੋਤ ਸਿੱਧੂ ਦੇ ਮੁੱਦੇ ‘ਤੇ ਕਾਂਗਰਸ ਹਾਈਕਮਾਂਡ ਨਾਲ ਟਕਰਾਅ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਪੰਜਾਬ ਲੋਕ ਕਾਂਗਰਸ’ (ਪੀ.ਐਲ.ਸੀ.) ਪਾਰਟੀ ਬਣਾਈ। ਇਸ ਸਾਲ ਫਰਵਰੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਭਾਜਪਾ ਨਾਲ ਗੱਠਜੋੜ ਕਰਕੇ ਮੈਦਾਨ ਵਿੱਚ ਉਤਰੇ ਸਨ। ਹਾਲਾਂਕਿ, ਨਾ ਤਾਂ ਉਹ ਖੁਦ ਆਪਣੀ ਪਟਿਆਲਾ ਸੀਟ ਬਚਾ ਸਕੇ ਅਤੇ ਨਾ ਹੀ ਸੂਬੇ ‘ਚ ਕੋਈ ਹੋਰ ਉਮੀਦਵਾਰ ਜਿੱਤ ਸਕੇ।
