ਖੇਤੀ ਕਾਨੂੰਨ ਵਾਪਸ ਲੈਣ ਪਿੱਛੋਂ ਐੱਮਐੱਸਪੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੂੰ ਸੋਮਵਾਰ ਨੂੰ ਗੱਲਬਾਤ ਦਾ ਕੋਈ ਸੱਦਾ ਨਹੀਂ ਮਿਲਿਆ। ਇਸ ਨੂੰ ਲੈ ਕੇ ਸੋਮਵਾਰ ਸ਼ਾਮ ਨੂੰ ਕਮੇਟੀ ਦੀ ਸਾਰੇ ਮੈਂਬਰਾਂ ਨੇ ਕੁੰਡਲੀ ਬੈਰੀਅਰ ’ਤੇ ਹੰਗਾਮੀ ਮੀਟਿੰਗ ਕੀਤੀ। ਇਸ ’ਚ ਮੋਰਚੇ ਦੀ ਪਹਿਲਾਂ ਤੋਂ ਗਠਿਤ ਨੌਂ ਮੈਂਬਰੀ ਕੋਰ ਕਮੇਟੀ ਦੇ ਮੈਂਬਰ ਵੀ ਸ਼ਾਮਲ ਹੋਏ। ਮੀਟਿੰਗ ’ਚ ਕਮੇਟੀ ਦੀ ਮੈਂਬਰਾਂ ਨੇ ਸਰਕਾਰ ਦੇ ਰਵਈਏ ਨੂੰ ਸ਼ਰਮਨਾਕ ਦੱਸਦਿਆਂ ਸਾਫ਼ ਕਿਹਾ ਕਿ ਪ੍ਰਦਰਸ਼ਨ ਨੂੰ ਹੁਣ ਹੋਰ ਤੇਜ਼ ਕੀਤਾ ਜਾ ਸਕਦਾ ਹੈ ਤੇ ਪਹਿਲਾਂ ਨਿਰਧਾਰਤ ਦਿੱਲੀ ਕੂਚ ਦਾ ਵੀ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਸਬੰਧੀ ਆਖਰੀ ਫ਼ੈਸਲਾ ਮੰਗਲਵਾਰ ਨੂੰ ਹੋਣ ਵਾਲੀ ਮੋਰਚੇ ਦੀ ਮੀਟਿੰਗ ’ਚ ਲਿਆ ਜਾ ਸਕਦਾ ਹੈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜ ਮੈਂਬਰੀ ਕਮੇਟੀ ’ਚ ਸ਼ਾਮਲ ਗੁਰਨਾਮ ਸਿੰਘ ਚਡ਼ੂਨੀ, ਸ਼ਿਵ ਕੁਮਾਰ ਕੱਕਾ, ਯੁਧਵੀਰ ਸਿੰਘ ਤੇ ਅਸ਼ੋਕ ਧਵਲੇ ਨੇ ਕਿਹਾ ਕਿ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਨਾਲ ਗੱਲਬਾਤ ਲਈ ਸੰਯੁਕਤ ਕਿਸਾਨ ਮੋਰਚੇ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਦੋ ਦਿਨਾਂ ਤਕ ਸਰਕਾਰ ਦੇ ਸੱਦੇ ਦਾ ਇੰਤਜ਼ਾਰ ਕੀਤਾ ਹੈ ਪਰ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਸੀ ਕਿ ਮੋਰਚੇ ਵੱਲੋਂ ਛੋਟੀ ਕਮੇਟੀ ਗੱਲਬਾਤ ਕਰੇ, ਉਸ ਅਨੁਸਾਰ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸਰਕਾਰ ਨੇ ਕੋਈ ਸੰਦੇਸ਼ ਫਿਲਹਾਲ ਨਹੀਂ ਭੇਜਿਆ ਤਾਂ ਕਿਸਾਨਾਂ ਦਾ ਅੰਦੋਲਨ ਅਜੇ ਜਾਰੀ ਰਹੇਗਾ। ਗੁਰਨਾਮ ਸਿੰਘ ਚਡ਼ੂਨੀ ਨੇ ਕਿਹਾ ਕਿ ਮੰਗਲਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ। ਇਸ ਵਿਚ ਅੰਦੋਲਨ ਨੂੰ ਲੈ ਕੇ ਤੇਜ਼ ਕਰਨ ਨਾਲ ਹੀ ਦਿੱਲੀ ਕੂਚ ਵਰਗੇ ਪਹਿਲਾਂ ਨਿਰਧਾਰਤ ਪ੍ਰੋਗਰਾਮਾਂ ’ਤੇ ਵੀ ਫ਼ੈਸਲਾ ਲਿਆ ਜਾਵੇਗਾ। ਯੁੱਧਵੀਰ ਸਿੰਘ ਨੇ ਕਿਹਾ ਕਿ ਵਾਰ-ਵਾਰ ਇਹ ਫੈਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਮੰਗ ਪੂਰੀ ਹੋ ਗਈ ਪਰ ਪਰ ਕਿਸਾਨ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਕੋਈ ਮੰਗ ਅਜਿਹੀ ਨਹੀਂ ਹੈ ਜੋ ਮੰਗ ਪੱਤਰ ਤੋਂ ਬਾਹਰ ਹੋਵੇ। ਬਚੇ ਹੋਏ ਵਿਸ਼ਿਆਂ ਨੂੰ ਹੀ ਸਰਕਾਰ ਸਾਹਮਣੇ ਰੱਖਿਆ ਹੈ। ਸਰਕਾਰ ਨੇ ਪਿਛਲੇ ਦੋ ਦਿਨਾਂ ’ਚ ਉਦਾਸੀਨਤਾ ਦਿਖਾਈ ਹੈ। ਸਰਕਾਰ ਜੇ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ ਤਾਂ ਮੋਰਚੇ ਦੇ ਪਹਿਲਾਂ ਤੋਂ ਹੀ ਨਿਰਧਾਰਤ ਪ੍ਰੋਗਰਾਮ ਜਾਰੀ ਰਹਿਣਗੇ। ਉਨ੍ਹਾਂ ਸਾਫ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਯੂਪੀ ਪ੍ਰੋਗਰਾਮ ਜਾਰੀ ਹੈ।
