ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਭਾਰਤ ‘ਚ ਸਰਗਰਮ ਕਿਸੇ ਵੀ ਅੱਤਵਾਦੀ ਸੰਗਠਨ ਤੋਂ ਖ਼ਤਰੇ ਨੂੰ ਗਲਤ ਠਹਿਰਾਇਆ ਹੈ | ਪੰਜਾਬ ਦੀ ਮੁੱਖ ਸਕੱਤਰ ਨੂੰ ਭੇਜੇ ਪੱਤਰ ‘ਚ ਗ੍ਰਹਿ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੁਆਰਾ ਵਿਸ਼ੇਸ਼ ਸੁਰੱਖਿਆ ਕਵਚ ਦੀ ਮੰਗ ਕੀਤੇ ਜਾਣ ਦੇ ਬਾਅਦ ਮੰਤਰਾਲੇ ਨੇ ਕੇਂਦਰੀ ਏਜੰਸੀਆਂ ਤੋਂ ਜਾਂਚ ਕਰਵਾਈ ਹੈ | ਏਜੰਸੀਆਂ ਨੇ ਮੰਤਰਾਲੇ ਨੂੰ ਸੌਂਪੀ ਰਿਪੋਰਟ ਵਿਚ ਕਿਹਾ ਹੈ ਕਿ ਰੰਧਾਵਾ ਨੂੰ ਭਾਰਤ ‘ਚ ਸਰਗਰਮ ਕਿਸੇ ਵੀ ਅੱਤਵਾਦੀ ਸੰਗਠਨ ਜਾਂ ਅੱਤਵਾਦੀ ਗੁੱਟ ਤੋਂ ਕੋਈ ਖ਼ਤਰਾ ਜਾਂ ਧਮਕੀ ਮਿਲਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ | ਹਾਲਾਂਕਿ ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ ਰੰਧਾਵਾ ਨੂੰ ਕੱਟੜਪੰਥੀ ਸਿੱਖ ਸੰਗਠਨਾਂ, ਅਸਮਾਜਿਕ ਤੱਤ ਤੋਂ ਇਕੋ ਜਿਹੇ ਖ਼ਤਰੇ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਅਜਿਹੇ ਵਿਚ ਪੰਜਾਬ ਸਰਕਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੇ ਪੱਧਰ ‘ਤੇ ਖ਼ਤਰੇ ਦੀ ਪੜਚੋਲ ਕਰਦੇ ਹੋਏ ਸੁਰੱਖਿਆ ਪ੍ਰਦਾਨ ਕਰੇ |
