ਕਿਸਾਨਾਂ ਵੱਲੋਂ ਸੰਸਦ ਨੇੜੇ ‘ਕਿਸਾਨ ਸੰਸਦ’ ਬੁਲਾਈ ਗਈ ਹੈ। ਵੀਰਵਾਰ ਨੂੰ ਤਕਰੀਬਨ 200 ਕਿਸਾਨ ਬੱਸਾਂ ਰਾਹੀਂ ਜੰਤਰ ਮੰਤਰ ਵਿਖੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਵਿਚ ਦੇਸ਼ ਭਰ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ 200 ਕਾਰਕੁਨ ਸ਼ਾਮਲ ਹੋਣਗੇ ਤੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨਗੇ। ਜੰਤਰ-ਮੰਤਰ ਵਿਖੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਿਸਾਨ ਸਵੇਰੇ 10:30 ਵਜੇ ਜੰਤਰ-ਮੰਤਰ ਪਹੁੰਚਣਗੇ। ਉਨ੍ਹਾਂ ਨੂੰ ਜੰਤਰ ਮੰਤਰ ਵਿਖੇ ਚਰਚ ਵਾਲੇ ਪਾਸੇ ਸ਼ਾਂਤੀ ਨਾਲ ਬਿਠਾਇਆ ਜਾਵੇਗਾ। ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ 5 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਰ ਕਿਸੇ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਬੈਰੀਕੇਡ ਦੇ ਅੰਦਰ ਆਗਿਆ ਦਿੱਤੀ ਜਾਏਗੀ। ਸ਼ਾਮ 5 ਵਜੇ, ਕਿਸਾਨ ਆਪਣਾ ਵਿਰੋਧ ਖਤਮ ਕਰਨਗੇ ਅਤੇ ਸਿੰਘੂ ਸਰਹੱਦ ‘ਤੇ ਵਾਪਸ ਆਉਣਗੇ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ “ਕਿਸਾਨ ਸੰਸਦ” ਪੂਰੇ ਮਾਨਸੂਨ ਸੈਸ਼ਨ ਦੌਰਾਨ ਸੰਸਦ ਦੇ ਨਜ਼ਦੀਕ ਚੱਲੇਗੀ। ਸੰਯੁਕਤ ਕਿਸਾਨ ਮੋਰਚਾ ਨੇ ਦਾਅਵਾ ਕੀਤਾ ਕਿ ਵੱਖ-ਵੱਖ ਮੋਰਚਿਆਂ ਤੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਕਿਸਾਨਾਂ ਦੀ ਟੁਕੜੀ ਦਿੱਲੀ ਪਹੁੰਚ ਰਹੀ ਹੈ।

