ਵਾਦੀ ਕਸ਼ਮੀਰ ‘ਚ ਘੱਟ ਗਿਣਤੀ ਨੂੰ ਮਿੱਥ ਕੇ ਕਤਲ ਕਰਨ ਦੀਆਂ ਘਟਨਾਵਾਂ ਦੇ ਚਲਦੇ ਮੈਡੀਕਲ ਸਟੋਰ ਦੇ ਮਾਲਕ ਤੇ 2 ਅਧਿਆਪਕਾਂ ਦੀ ਹੱਤਿਆ ਦੇ ਬਾਅਦ ਸੈਂਕੜੇ ਪੰਡਿਤ ਪਰਿਵਾਰ ਜਿਹੜੇ ਵਿਸਥਾਪਤ ਕੈਂਪਾਂ ‘ਚ ਰਹਿ ਰਹੇ ਸਨ, ਵਾਦੀ ਛੱਡ ਗਏ ਹਨ | ਸਰਕਾਰ ਨੇ 2 ਅਧਿਆਪਕਾਂ ਦੀ ਹੱਤਿਆ ਦੇ ਬਾਅਦ ਘੱਟ ਗਿਣਤੀ ਦੇ ਸਰਕਾਰੀ ਮੁਲਾਜ਼ਮਾਂ ਨੂੰ 10 ਦਿਨਾਂ ਦੀ ਛੱੁਟੀ ਦਾ ਐਲਾਨ ਕੀਤਾ ਹੈ | ਇਨ੍ਹਾਂ ਘਟਨਾਵਾਂ ਦੇ ਬਾਅਦ ਪ੍ਰਧਾਨ ਮੰਤਰੀ ਪੈਕੇਜ ਤਹਿਤ 2011-12 ਤੋਂ ਨਿਯੁਕਤ ਕੀਤੇ ਕਰਮਚਾਰੀ ਵਿਸ਼ੇਸ਼ ਕਰ ਕਸ਼ਮੀਰੀ ਪੰਡਿਤ ਵਿਸਥਾਪਤ ਕੈਂਪ ਖਾਲੀ ਕਰ ਕੇ ਖੌਫ਼ ਦੇ ਮਾਰੇ ਜੰਮੂ ਭੱਜ ਗਏ ਹਨ | ਇਨ੍ਹਾਂ ਕੈਂਪਾਂ ‘ਚ ਪੁਲਿਸ ਨੇ ਸੁਰੱਖਿਆ ਦੇ ਭਾਰੀ ਪ੍ਰਬੰਧ ਕਰਦੇ ਇਨ੍ਹਾਂ ਨੂੰ ਪੁਲਿਸ ਛਾਉਣੀਆਂ ‘ਚ ਬਦਲ ਦਿੱਤਾ ਹੈ | 500 ਦੇ ਕਰੀਬ ਪੰਡਿਤ, ਸਰਕਾਰੀ ਕਰਮਚਾਰੀ ਜੰਮੂ ਦਾ ਰੁਖ ਕਰ ਚੁੱਕੇ ਹਨ ਅਨੰਤਨਾਗ, ਬਡਗਾਮ, ਬਾਰਾਮੁਲਾ, ਗਾਂਦਰਬਲ ਜ਼ਿਲਿ੍ਹਆਂ ‘ਚ ਸਥਾਪਤ ਕੀਤੇ ਗਏ ਕੈਂਪਾਂ ‘ਚੋ 1000 ਦੇ ਕਰੀਬ ਸਰਕਾਰੀ ਮੁਲਾਜ਼ਮ ਜੰਮੂ ਦਾ ਰੁਖ ਕਰ ਚੁੱਕੇ ਹਨ | ਕਸ਼ਮੀਰ ਸੰਘਰਸ਼ ਸਮਿਤੀ ਦੇ ਪ੍ਰਧਾਨ ਸੰਜੀਵ ਟਿਕੂਕਾ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਨੇ 90 ਦੇ ਦਹਾਕੇ ਦੀ ਯਾਦ ਤਾਜ਼ਾ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਵਿਸ਼ਵਾਸ ਬਹਾਲੀ ਦੇ ਲਈ ਪੰਡਿਤਾਂ ਲਈ ਰੋਜ਼ਗਾਰ ਦੇ ਲਈ ਚੁੱਕੇ ਗਏ ਸਰਕਾਰ ਦੇ ਕਦਮ ਘੱਟ ਗਿਣਤੀ ਵਿਰੋਧੀ ਤਾਕਤਾਂ ਨੂੰ ਰਾਸ ਨਹੀਂ ਆ ਰਹੇ | ਕੇਂਦਰ ਦੀ ਪ੍ਰਧਾਨ ਮੰਤਰੀ ਰੁਜ਼ਗਾਰ ਨੀਤੀ ਤਹਿਤ ਉੱਜੜ ਕੇ ਗਏ ਪੰਡਿਤਾਂ ਨੂੰ ਵਾਦੀ ‘ਚ ਮੁੜ ਵਸਾਉਣ ਦੀ ਨੀਤੀ ਤਹਿਤ ਅਜੇ ਤੱਕ 4284 ਸਰਕਾਰੀ ਮੁਲਾਜ਼ਮ ਨਿਯਕੁਤ ਕਰਕੇ ਵਾਦੀ ‘ਚ ਡਿਊਟੀ ‘ਤੇ ਤਾਇਨਾਤ ਕੀਤੇ ਹਨ | ਪਿਛਲੇ ਇਕ ਮਹੀਨੇ ਤੋਂ ਵਾਦੀ ‘ਚ ਕਸ਼ਮੀਰੀ ਪੰਡਿਤਾਂ, ਪੁਲਿਸ ਕਰਮੀਆਂ ਤੇ ਗ਼ੈਰ-ਰਿਆਸਤੀ ਵਿਅਕਤੀਆਂ ਦੇ ਨਾਲ ਸੁਰੱਖਿਆ ਬਲਾਂ ‘ਤੇ ਹਮਲਿਆਂ ‘ਚ ਤੇਜ਼ੀ ਦਰਜ ਕੀਤੀ ਗਈ ਹੈ | ਇਸ ਨੂੰ ਵਾਦੀ ‘ਚ ਅੱਤਵਾਦੀਆਂ ਵਲੋਂ ਦਹਿਸ਼ਤ ਫੈਲਾਉਣ ਦੀ ਸਾਜਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ | ਧਾਰਾ 370 ਦੇ ਹਟਾਉਣ ਦੇ ਬਾਅਦ ਅੱਤਵਾਦੀ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ, ਜਿਸ ‘ਚ ਇਹ ਲੱਗੇ ਕਿ ਵਾਦੀ ‘ਚ ਕੁਝ ਠੀਕ ਨਹੀਂ ਹੈ | ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਲਈ ਉਹ ਪੁਲਿਸ ਕਰਮੀਆਂ, ਘੱਟ ਗਿਣਤੀ ਨੂੰ ਮਿੱਥ ਕੇ ਨਿਸ਼ਾਨਾ ਬਣਾ ਰਹੇ ਹਨ | ਅਜਿਹੀਆਂ ਘਟਨਾਵਾ ਨਾਲ ਵਾਦੀ ‘ਚ ਰਹਿ ਰਹੇ ਘੱਟ ਗਿਣਤੀ ਦੇ ਨਾਲ ਬਹੁ ਗਿਣਤੀ ‘ਚ ਵੀ ਖੌਫ਼ ਤੇ ਰੋਸ ਦੀ ਲਹਿਰ ਹੈ |
ਗੁਰਦੁਆਰਾ ਪ੍ਰਬੰਧਕ ਕਮੇਟੀ
ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸ੍ਰੀਨਗਰ ਨੇ ਕਿਹਾ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਭਰੋਸਾ ਨਾ ਦੇਣ ਤੱਕ ਘੱਟ ਗਿਣਤੀ ਸਰਕਾਰੀ ਮੁਲਾਜ਼ਮ ਡਿਊਟੀ ‘ਤੇ ਹਾਜ਼ਰ ਨਹੀਂ ਹੋਣਗੇ | ਸ੍ਰੀਨਗਰ ਦੇ ਗੁਰਦੁਆਰਾ ਸਿੰਘ ਸਭਾ ਅਮੀਰਾ ਕਦਲ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਮੇਟੀ ਦੇ ਪ੍ਰਧਾਨ ਬੁੱਢਾ ਸਿੰਘ ਤੇ ਨਵਤੇਜ ਸਿੰਘ , ਜੋਗਿੰਦਰ ਸਿੰਘ ਸ਼ਾਨ ਤਰਾਲ ਨੇ ਪ੍ਰਸ਼ਾਸਨ ‘ਤੇ ਵਾਦੀ ‘ਚ ਰਹਿ ਰਹੇ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਣ ‘ਚ ਪੂਰੀ ਤਰ੍ਹਾਂ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਸ੍ਰੀਨਗਰ ਵਿਖੇ 2 ਅਧਿਆਪਕਾਂ ਦੀ ਹੱਤਿਆ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਵਾਦੀ ‘ਚ ਘੱਟ ਗਿਣਤੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਤੇ ਉਹ ਇਸ ਵੇਲੇ ਖੌਫ਼ ‘ਚ ਰਹਿ ਰਹੇ ਹਨ | ਕਮੇਟੀ ਨੇ ਬਹੁ-ਗਿਣਤੀ ਭਾਈਚਾਰੇ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਇਨ੍ਹਾਂ ਕਤਲਾਂ ਦੀ ਜਿਸ ਤਰ੍ਹਾਂ ਨਿਖੇਧੀ ਕਰਨੀ ਸੀ ਉਸ ਤਰ੍ਹਾਂ ਨਿਖੇਧੀ ਲਈ ਸਾਹਮਣੇ ਨਹੀਂ ਆਏ | ਕਮੇਟੀ ਨੇ ਕੇਂਦਰ ਤੋਂ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਦੀ ਮੰਗ ਕੀਤੀ |
