ਹਾਲ ਹੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਪ੍ਰੈੱਸ ਕਾਨਫਰੰਸ ਵਿਚ ਉਸ ਖਿਡਾਰੀ ਨੂੰ ਪੰਜਾਬੀਆਂ ਸਾਹਮਣੇ ਲਿਆਂਦਾ ਗਿਆ ਜਿਸ ਤੋਂ ਸਾਬਕਾ ਸੀ.ਐਮ. ਚੰਨੀ ਦੇ ਭਾਣਜੇ ਵਲੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਸਨ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਹ ਕਿੰਗਜ਼ XI ਪੰਜਾਬ ਦਾ ਪਲੇਅਰ ਜੱਸਇੰਦਰ ਸਿੰਘ ਹੈ। ਇਸ ਮੌਕੇ ਉਹਨਾਂ ਨੇ ਸਾਬਕਾ ਸੀ.ਐਮ. ਚੰਨੀ ਅਤੇ ਉਸਦੇ ਭਤੀਜੇ ਜਸ਼ਨ ‘ਤੇ 2 ਕਰੋੜ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਸੀ। ਜਿਸ ਦਾ ਜਵਾਬ ਹੁਣ ਸਾਬਕਾ ਮੁੱਖ ਮੰਤਰੀ ਚੰਨੀ ਆਪਣੇ ਭਤੀਜੇ ਜਸ਼ਨ ਨੂੰ ਸਾਹਮਣੇ ਲੈਕੇ ਆਏ ਅਤੇ ਚੰਡੀਗੜ੍ਹ ਵਿਖੇ ਕਾਂਗਰਸ ਭਵਨ ‘ਚ ਪ੍ਰੈੱਸ ਵਾਰਤਾ ਕਰਦਿਆਂ ਉਹਨਾਂ ਆਪਣੇ ਅਤੇ ਭਤੀਜੇ ਜਸ਼ਨ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੇ CM ਮਾਨ ਦੇ ਸਬੂਤਾਂ ‘ਤੇ ਸਫਾਈ ਦਿੰਦਿਆਂ ਕਿਹਾ ਕਿ ਕ੍ਰਿਕਟਰ ਜਸਇੰਦਰ ਸਿੰਘ ਨੌਕਰੀ ਦਾ ਹੱਕਦਾਰ ਨਹੀਂ ਸੀ ,ਇਸ ਕਰਕੇ ਨੌਕਰੀ ਨਹੀਂ ਦਿੱਤੀ।
ਚੰਨੀ ਨੇ ਅੱਗੇ ਕਿਹਾ ਕਿ ਜੇਕਰ ਕ੍ਰਿਕਟ ਖ਼ਿਡਾਰੀ ਜਸਇੰਦਰ ਸਿੰਘ ਜੋ ਕਿ ਮੇਰੇ ’ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ, ਨੂੰ ਪਤਾ ਸੀ ਕਿ ਉਸਦਾ ਕੇਸ ਬਿਲਕੁੱਲ ਠੀਕ ਹੈ ਅਤੇ ਉਸਦੀ ਨੌਕਰੀ ਬਣਦੀ ਹੈ ਤਾਂ ਉਹ ਪਿਛਲੇ ਡੇਢ ਸਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸਲੀ ਗੱਲ ਇਹ ਹੋ ਸਕਦੀ ਹੈ ਕਿ ਉਹ ਭਗਵੰਤ ਮਾਨ ਕੋਲ ਆਇਆ ਹੋਵੇਗਾ ਤੇ ਉਨ੍ਹਾਂ ਕਹਿ ਦਿੱਤਾ ਹੋਣਾ ਨੌਕਰੀ ਦੇ ਦਿੰਦੇ ਹਾਂ ਵੀ ,ਇਸ ਤਰ੍ਹਾਂ ਕਰਨਾ ਪਵੇਗਾ। ਚੰਨੀ ਨੇ ਅੱਗੇ ਕਿਹਾ ਕਿ ਇਕ ਸੋਚੀ ਸਮਝੀ ਸ਼ਾਜਿਸ਼ ਤਹਿਤ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੇਰੇ ਖਿਲਾਫ ਝੂਠਾ ਬੰਦਾ ਖੜ੍ਹਾ ਕੀਤਾ ਗਿਆ ਹੈ।
ਚੰਨੀ ਨੇ ਅੱਗੇ ਕਿਹਾ ਕਿ ਕਾਂਗਰਸ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਬਤੌਰ ਸੀਐਮ ਬਹੁਤ ਸਾਰੇ ਲੋਕਾਂ ਨਾਲ ਮੇਰੀਆਂ ਫੋਟੋਆਂ ਹਨ। ਉਨ੍ਹਾਂ ਕਿਹਾ ਕਿ ਨੌਕਰੀ ਬਦਲੇ ਮੈਨੂੰ ਬਦਨਾਮ ਕਰਨ ਦੀ ਸ਼ਰਤ ਰੱਖੀ ਗਈ ਹੋਵੇਗੀ ਅਤੇ ਭਗਵੰਤ ਮਾਨ ਨੇ ਸ਼ਰਤ ਰੱਖ ਕੇ ਇਲਜ਼ਾਮ ਲਗਵਾਏ ਹਨ। ਸੀਐਮ ਦੀ ਮਨਸ਼ਾ ਮੈਨੂੰ ਬਦਨਾਮ ਕਰਨ ਦੀ ਹੈ। ਮੈਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਚੰਨੀ ਦਾ ਭਤੀਜਾ ਜਸ਼ਨ ਵੀ ਨਾਲ ਮੌਜੂਦ ਸੀ।
ਦੱਸ ਦੇਈਏ ਕਿ ਚੰਨੀ ਨੂੰ ਦਿੱਤੇ ਅਲਟੀਮੇਟਮ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕ੍ਰਿਕਟਰ ਅਤੇ ਉਸ ਦੇ ਪਿਤਾ ਨਾਲ ਚੰਨੀ ਦੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਗਈਆਂ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਸ ਸਮੇਂ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਉੱਥੇ ਮੌਜੂਦ ਸਨ। ਜਦੋਂ ਚਰਨਜੀਤ ਚੰਨੀ ਨੇ ਆਪਣੇ ਭਾਣਜੇ ਜਸ਼ਨ ਕੋਲ ਕ੍ਰਿਕਟਰ ਅਤੇ ਉਸ ਦੇ ਪਿਤਾ ਨੂੰ ਭੇਜਿਆ ਤਾਂ ਉਸ ਨੇ ਕਿਹਾ ਕਿ 2 ਦੇ ਦਿਓ ਤਾਂ ਅਗਲੇ ਦਿਨ ਕ੍ਰਿਕਟਰ ਅਤੇ ਉਸ ਦਾ ਪਿਤਾ 2 ਲੱਖ ਲੈ ਕੇ ਪੁੱਜ ਗਏ ਤਾਂ ਉਨ੍ਹਾਂ ਨਾਲ ਗਲਤ ਵਰਤਾਓ ਕਰਦਿਆਂ ਚਰਨਜੀਤ ਚੰਨੀ ਦੇ ਭਾਣਜੇ ਨੇ ਕਿਹਾ ਸੀ ਕਿ 2 ਦਾ ਮਤਲਬ 2 ਕਰੋੜ ਹੈ।
