ਅਧਿਕਾਰੀਆਂ ਨੇ ਦੱਸਿਆ ਕਿ ਆਕਾਸ਼ ਮਿਜ਼ਾਈਲ ਦੇ ਨਵੇਂ ਰੂਪ ਦਾ ਉਡੀਸ਼ਾ ਦੀ ਚਾਂਦੀਪੁਰ ਦੀ ਏਕੀਕ੍ਰਿਤ ਪ੍ਰੀਖਣ ਰੇਂਜ ਤੋਂ ਸੋਮਵਾਰ ਨੂੰ ਸਫਲਤਾਪੂਰਵਕ ਉਡਾਣ-ਪ੍ਰੀਖਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ 4.30 ਕੁ ਵਜੇ ਮਿਜ਼ਾਈਲ- ‘ਆਕਾਸ਼ ਪ੍ਰਾਈਮ’ ਨੇ ਆਪਣੇ ਪਹਿਲੇ ਉਡਾਣ ਪ੍ਰੀਖਣ ਦੌਰਾਨ ਦੁਸ਼ਮਣ ਦੇ ਹਵਾਈ ਜਹਾਜ਼ ਦੀ ਨਕਲ ਵਾਲੇ ਮਨੁੱਖ ਰਹਿਤ ਹਵਾਈ ਜਹਾਜ਼ ਨੂੰ ਨਿਸ਼ਾਨੇ ‘ਤੇ ਰੋਕਦਿਆਂ ਉਸ ਨੂੰ ਤਬਾਹ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਆਕਾਸ਼ ਪ੍ਰਣਾਲੀ ਦੀ ਤੁਲਨਾ ‘ਚ ਆਕਾਸ਼ ਪ੍ਰਾਈਮ ਮਿਜ਼ਾਈਲ ਸੁਨਿਸ਼ਚਿਤ ਨਿਸ਼ਾਨੇ ਲਈ ਇਕ ਬਿਹਤਰ ਸਵਦੇਸ਼ੀ ਸਰਗਰਮ ਆਰ.ਐਫ. ਖੋਜ ਨਾਲ ਲੈਸ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਕਾਸ਼ ਪ੍ਰਾਈਮ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ ਡੀ.ਆਰ.ਡੀ.ਓ., ਭਾਰਤੀ ਹਵਾਈ ਸੈਨਾ, ਭਾਰਤੀ ਸੈਨਾ ਤੇ ਹੋਰ ਹਿੱਤ-ਧਾਰਕਾਂ ਨੂੰ ਵਧਾਈ ਦਿੱਤੀ ਹੈ।
