ਪੰਜਾਬ ‘ਚ ਸ਼ੁੱਕਰਵਾਰ ਸ਼ਾਮ 6 ਵਜੇ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ ਹੋ ਜਾਵੇਗਾ | ਰਾਜ ਦੇ ਮੁੱਖ ਚੋਣ ਅਧਿਕਾਰੀ ਵਲੋਂ ਵੋਟਾਂ ਤੋਂ ਪਹਿਲੇ 48 ਘੰਟਿਆਂ ਲਈ ਨਿਰਧਾਰਤ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਅਮਲ ਹੇਠ ਲਿਆਉਣ ਲਈ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ | ਰਾਜ ‘ਚ ਇਸ ਵਾਰ ਹੋ ਰਹੇ ਬਹੁਕੋਣੀ ਚੋਣ ਦੰਗਲ ‘ਚ ਮਗਰਲੇ ਕੁਝ ਦਿਨਾਂ ਤੋਂ ਭਾਜਪਾ, ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਲੋਂ ਆਪਣੀ ਪੂਰੀ ਤਾਕਤ ਚੋਣ ਪ੍ਰਚਾਰ ਵਿਚ ਝੋਕ ਦਿੱਤੀ ਗਈ ਸੀ | ਰਾਜ ‘ਚ ਵੋਟਾਂ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਾਜ ‘ਚ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੋਈ 700 ਕੰਪਨੀਆਂ ਪੁੱਜ ਗਈਆਂ ਹਨ | ਰਾਜ ਵਿਚਲੇ ਤਕਰੀਬਨ 4 ਲੱਖ ਦੇ ਕਰੀਬ ਲਾਇਸੰਸੀ ਹਥਿਆਰ ਵੀ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਵਲੋਂ ਮਾਲਖ਼ਾਨਿਆਂ ‘ਚ ਜਮ੍ਹਾਂ ਕਰਵਾ ਲਏ ਹਨ ਅਤੇ ਪੁਲਿਸ ਵਲੋਂ ਐਲਾਨੇ ਗਏ 4294 ਸ਼ਰਾਰਤੀ ਅਨਸਰਾਂ ਵਿਰੁੱਧ ਵੀ ਕਾਰਵਾਈ ਜਾਰੀ ਹੈ | ਵਰਨਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਪੰਜਾਬ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 1050 ਕੰਪਨੀਆਂ ਮੰਗੀਆਂ ਗਈਆਂ ਹਨ | ਚੋਣ ਪ੍ਰਚਾਰ ਖ਼ਤਮ ਹੋਣ ਦੇ ਨਾਲ ਹੀ 18 ਫਰਵਰੀ ਸ਼ਾਮ 6 ਵਜੇ ਤੋਂ 20 ਫਰਵਰੀ ਸ਼ਾਮ 6 ਵਜੇ ਤੱਕ ਰਾਜ ‘ਚ ਸ਼ਰਾਬ ਦੇ ਠੇਕੇ ਵੀ ਬੰਦ ਰੱਖੇ ਜਾਣਗੇ | ਚੋਣ ਕਮਿਸ਼ਨ ਵਲੋਂ ਵੋਟਾਂ ਤੋਂ ਪਹਿਲਾਂ ਸ਼ਰਾਬ ਤੇ ਪੈਸੇ ਦੀ ਵੰਡ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਸਾਰੇ ਹਲਕਿਆਂ ‘ਚ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਆਬਜ਼ਰਵਰਾਂ ਨੂੰ ਵੀ ਅਜਿਹੀਆਂ ਰਿਪੋਰਟਾਂ ਨਾਲ ਸਖ਼ਤੀ ਵਰਤੇ ਜਾਣ ਲਈ ਕਿਹਾ ਗਿਆ ਹੈ | ਰਾਜ ਦੇ ਮੁੱਖ ਚੋਣ ਅਧਿਕਾਰੀ ਕਰੁਣਾ ਰਾਜੂ ਨੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸ਼ੁੱਕਰਵਾਰ ਸ਼ਾਮ 6 ਵਜੇ ਚੋਣ ਪ੍ਰਚਾਰ ਪੂਰਨ ਤੌਰ ‘ਤੇ ਬੰਦ ਹੋ ਜਾਣੇ ਹਨ ਅਤੇ ਉਸ ਤੋਂ ਬਾਅਦ ਕਿਸੇ ਰੈਲੀ, ਰੋਡ ਸ਼ੋਅ ਜਾਂ ਚੋਣ ਮੀਟਿੰਗ ਲਈ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਇਸੇ ਤਰ੍ਹਾਂ ਹਲਕਿਆਂ ਤੋਂ ਬਾਹਰੋਂ ਆਏ ਸਮਰਥਕਾਂ ਤੇ ਲੋਕਾਂ ਨੂੰ ਬਾਹਰ ਕੱਢਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਜਾਵੇ ਅਤੇ ਸ਼ਾਮ 6 ਵਜੇ ਤੋਂ ਬਾਅਦ ਸਾਰੇ ਰੈਸਟ ਹਾਊਸਾਂ, ਧਰਮਸ਼ਾਲਾਵਾਂ, ਹੋਟਲਾਂ, ਲਾਜ ਤੇ ਕਮਿਊਨਿਟੀ ਸੈਂਟਰਾਂ ਦੀ ਲੋੜ ਪੈਣ ‘ਤੇ ਜਾਂਚ ਵੀ ਕੀਤੀ ਜਾਵੇ | ਮੁੱਖ ਚੋਣ ਅਧਿਕਾਰੀ ਵਲੋਂ ਸਪੱਸ਼ਟ ਕੀਤਾ ਗਿਆ ਕਿ ਕੇਵਲ ਹਲਕੇ ਦਾ ਵੋਟਰ ਹੀ ਹਲਕੇ ‘ਚ ਮੌਜੂਦ ਰਹਿ ਸਕੇਗਾ ਪਰ ਉਨ੍ਹਾਂ ਕਿਹਾ ਕਿ ਇਹ ਹੁਕਮ ਸਥਾਨਕ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਚੋਣ ਲੜ ਰਹੀਆਂ ਪਾਰਟੀਆਂ ਦੇ ਮੁਖੀਆਂ ‘ਤੇ ਲਾਗੂ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ ਜੇਕਰ ਕੋਈ ਗੈਰ-ਵੋਟਰ ਮੈਡੀਕਲ ਕਾਰਨਾਂ ਕਰਕੇ ਹਲਕਾ ਨਾ ਛੱਡ ਸਕੇ ਤਾਂ ਉਸ ਸਥਿਤੀ ਦਾ ਜਾਇਜ਼ਾ ਲੈਣ ਲਈ ਡਾਕਟਰਾਂ ਦੀ ਟੀਮ ਕੋਲੋਂ ਵੀ ਰਿਪੋਰਟ ਲਈ ਜਾ ਸਕਦੀ ਹੈ | ਚੋਣ ਕਮਿਸ਼ਨ ਵਲੋਂ ਸ਼ੁੱਕਰਵਾਰ ਸ਼ਾਮ ਤੋਂ ਟੀ. ਵੀ. ਚੈਨਲਾਂ ਅਤੇ ਰੇਡੀਓ ਰਾਹੀਂ ਕਿਸੇ ਪਾਰਟੀ ਦੇ ਪ੍ਰਚਾਰ ਜਾਂ ਇਸ਼ਤਿਹਾਰ ਚਲਾਉਣ ਸੰਬੰਧੀ ਵੀ ਸ਼ਾਮ 6 ਵਜੇ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਅਖ਼ਬਾਰਾਂ ‘ਚ ਛਪਣ ਵਾਲੇ ਇਸ਼ਤਿਹਾਰਾਂ ਲਈ ਵੀ ਚੋਣ ਅਧਿਕਾਰੀ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਹੋਵੇਗੀ | ਇਹ ਪਾਬੰਦੀ 20 ਫਰਵਰੀ ਦੀ ਸ਼ਾਮ 6 ਵਜੇ ਤੱਕ ਲਾਗੂ ਰਹੇਗੀ | ਰਾਜੂ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀਆਂ ਬੰਦਸ਼ਾਂ ਸਖ਼ਤੀ ਨਾਲ ਅਮਲ ਹੇਠ ਲਿਆਉਣ ਲਈ ਕਿਹਾ ਗਿਆ ਹੈ | ਇਸੇ ਤਰ੍ਹਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੱਲ੍ਹ ਸ਼ਾਮ ਤੋਂ ਗੁਆਂਢੀ ਰਾਜ ਨਾਲ ਲਗਦੀਆਂ ਸਰਹੱਦਾਂ ‘ਤੇ ਵੀ ਚੌਕਸੀ ਵਧਾ ਦਿੱਤੀ ਜਾਵੇ ਅਤੇ ਲਗਾਏ ਜਾ ਰਹੇ ਨਾਕਿਆਂ ‘ਤੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਛਾਣਬੀਣ ਵੀ ਕੀਤੀ ਜਾਵੇਗੀ |
