‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦਾ ਅਸਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਹਿਲੇ ਵਿਆਹ ਦੌਰਾਨ ਹੋਏ ਬੱਚਿਆਂ ‘ਤੇ ਵੇਖਣ ਨੂੰ ਮਿਲਣ ਰਿਹਾ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬੱਚਿਆਂ ਨੂੰ ਧਮਕੀਆਂ ਮਿਲਣ ਲੱਗੀਆਂ ਹਨ। ਇਹ ਦਾਅਵਾ ਸੀਐਮ ਮਾਨ ਦੀ ਧੀ ਸੀਰਤ ਕੌਰ ਮਾਨ ਦੀ ਪਰਿਵਾਰਕ ਵਕੀਲ ਹਰਮੀਤ ਕੌਰ ਬਰਾੜ ਨੇ ਕੀਤਾ ਹੈ।
ਹਰਮੀਤ ਕੌਰ ਬਰਾੜ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਤੋਂ ਬਾਅਦ ਸੀਰਤ ਕੌਰ ਨੂੰ ਖਾਲਿਸਤਾਨ ਪੱਖੀਆਂ ਨੇ ਧਮਕੀ ਦਿੱਤੀ ਹੈ। ਸੀਐਮ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਨੂੰ ਫੋਨ ‘ਤੇ ਧਮਕੀਆਂ ਦਿੱਤੀਆਂ ਤੇ ਗਾਲੀ ਗਲੋਚ ਕੀਤਾ ਗਿਆ।

ਦਸ ਦਈਏ ਕਿ ਸੀਰਤ ਕੌਰ ਭਗਵੰਤ ਮਾਨ ਦੀ ਪਹਿਲੀ ਪਤਨੀ ਦੀ ਬੇਟੀ ਹੈ। ਉਹ ਅਮਰੀਕਾ ‘ਚ ਮਾਂ ਤੇ ਭਰਾ ਦਿਲਸ਼ਾਨ ਨਾਲ ਰਹਿੰਦੀ ਹੈ। ਸੀਐਮ ਮਾਨ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕੇ ਹਨ। ਐਡਵੋਕੇਟ ਹਰਮੀਤ ਕੌਰ ਬਰਾੜ ਨੇ ਦਾਅਵਾ ਕੀਤਾ ਹੈ ਕਿ ਸੀਰਤ ਕੌਰ ਮਾਨ ਨੂੰ ਇੱਕ ਨਹੀਂ ਸਗੋਂ ਵੱਖ-ਵੱਖ ਨੰਬਰਾਂ ਤੋਂ ਤਿੰਨ ਵਾਰ ਫੋਨ ਕੀਤੇ ਗਏ। ਤਿੰਨੇ ਵਾਰ ਮੁੱਖ ਮੰਤਰੀ ਦੀ ਬੇਟੀ ਸੀਰਤ ਨੂੰ ਗਾਲਾਂ ਕੱਢੀਆਂ ਗਈਆਂ। ਭਗਵੰਤ ਮਾਨ ਦੀ ਧੀ ਨੂੰ ਜਿਨ੍ਹਾਂ ਨੰਬਰਾਂ ਤੋਂ ਕਾਲਾਂ ਆਈਆਂ, ਉਨ੍ਹਾਂ ਨੂੰ ਫਿਲਹਾਲ ਬਲਾਕ ਕਰ ਦਿੱਤਾ ਗਿਆ ਹੈ।
