ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਚੱਪਾ-ਚੱਪਾ ਛਾਣ ਰਹੀ ਹੈ। ਇਸ ਦੌਰਾਨ ਹੋਰਨਾਂ ਸੂਬਿਆਂ ਦੀ ਪੁਲਿਸ ਟੀਮਾਂ ਵੀ ਅਲਰਟ ਕਰ ਦਿੱਤੀਆਂ ਗਈਆਂ ਹਨ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਹਰਿਆਣਾ ਤੋਂ ਬਾਅਦ ਉੱਤਰਾਖੰਡ ਭੱਜ ਸਕਦਾ ਹੈ। ਜਿਸ ਨੂੰ ਫੜਨ ਲਈ ਪੰਜਾਬ ਪੁਲਿਸ ਵੱਲੋਂ ਉੱਤਰਾਖੰਡ ਪੁਲਿਸ ਨੂਮ ਸੁਚੇਤ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਉਤਰਾਖੰਡ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਬਾਰੇ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ।
ਇਸਦੇ ਨਾਲ ਹੀ ਪੁਲਿਸ ਵੱਲੋਂ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਜੋ ਉਸ ਨੂੰ ਪਨਾਹ ਦੇਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਅਨਾਊਂਸਮੈਂਟ ‘ਚ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਦੇਸ਼ ਦੇ ਮੋਸਟਵਾਂਟਿਡ ਅਪਰਾਧੀ ਹਨ, ਜੋ ਉਨ੍ਹਾਂ ਨੂੰ ਆਪਣੇ ਘਰ ਵਿਚ ਪਨਾਹ ਦਿੰਦਾ ਹੈ, ਉਸ ਵਿਰੁੱਧ ਐਨਐਸਏ ਤਹਿਤ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੋ ਉਨ੍ਹਾਂ ਬਾਰੇ ਜਾਣਕਾਰੀ ਦੇਵੇਗਾ, ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਦਸ ਦਈਏ ਕਿ ਪੁਲਿਸ ਵਲੋਂ ਇਕ ਸੀਸੀਟੀਵੀ ਫੁਟੇਜ ਨਸ਼ਰ ਕੀਤੀ ਗਈ ਹੈ। ਜਿਸ ਵਿਚ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਹਰਿਆਣਾ ਦੇ ਕੁਰੂਕਸ਼ੇਤਰ ਦੇ ਬੱਸ ਅੱਡੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੂੰ ਖ਼ਦਸ਼ਾ ਹੈ ਕਿ ਉਹ ਉੱਤਰਾਖੰਡ ਨਾ ਚਲਾ ਜਾਵੇ ਜਿਸ ਤੋਂ ਬਾਅਦ ਹੁਣ ਉੱਤਰਾਖੰਡ ਦਾ ਪ੍ਰਸ਼ਾਸਨ ਵੀ ਪੂਰਾ ਤਰ੍ਹਾਂ ਚੌਕਸ ਹੋ ਗਿਆ ਹੈ।
