ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜਾਂਚ ਬਿਉਰੋ ਦੇ ਡਾਇਰੈਕਟਰ ਐਸ.ਕੇ. ਅਸਥਾਨਾ ਦੀ ਛੁੱਟੀ ਅਤੇ ਨਸ਼ਿਆਂ ਸੰਬੰਧੀ ਕੇਸ ਦੀ ਨੋਟਿੰਗ ਲੀਕ ਹੋਣ ਦੇ ਮਾਮਲੇ ‘ਤੇ ਸਰਕਾਰ ਵਲੋਂ ਪੁਲਿਸ ਕੇਸ ਦਰਜ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਸਰਕਾਰੀ ਰਿਕਾਰਡ ਕਿਵੇਂ ਤੇ ਕਿੱਥੋਂ ਲੀਕ ਹੋਇਆ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀ ਨੋਟਿੰਗ ਦਾ ਕੁਝ ਹਿੱਸਾ ਲੀਕ ਹੋਇਆ ਜਦੋਂ ਕਿ ਅਸਥਾਨਾਂ ਵਲੋਂ ਆਪਣੇ ਹੱਥ ਨਾਲ ਲਿਖ ਕੇ ਭੇਜੀ ਗਈ ਨੋਟਿੰਗ ਦਾ ਹਿੱਸਾ ਲੀਕ ਨਹੀਂ ਹੋ ਸਕਿਆ | ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰਦਾ ਰਹੇਗਾ ਅਤੇ ਨਸ਼ਿਆਂ ਤੇ ਬੇਅਦਬੀਆਂ ਦੇ ਕੇਸਾਂ ਨਾਲ ਸੰਬੰਧਿਤ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਜੋ ਲੋਕ ਇਨ੍ਹਾਂ ਕੇਸਾਂ ‘ਚ ਫਸੇ ਹੋਏ ਹਨ, ਉਹ ਲੋਕ ਹੀ ਸਰਕਾਰੀ ਅਧਿਕਾਰੀਆਂ ਨੂੰ ਧਮਕੀਆਂ ਵੀ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਜਿਸ ਦੀ ਦਾੜ੍ਹੀ ‘ਚ ਤਿਣਕਾ ਹੈ, ਉਹ ਅਦਾਲਤਾਂ ‘ਚ ਜਾ ਰਹੇ ਹਨ ਪਰ ਉਨ੍ਹਾਂ ਕਿਸੇ ਦਾ ਨਾਂਅ ਨਹੀਂ ਲਿਆ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਨ੍ਹਾਂ ਕੇਸਾਂ ਨੂੰ ਵੀ ਸਿਰੇ ਲਗਾਏਗੀ | ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ ਆਪਣੇ ਆਪ ਨੂੰ ਬੇਕਸੂਰ ਦੱਸਦੇ ਹਨ, ਉਹ ਜਾਂਚ ਦਾ ਸਾਹਮਣਾ ਕਰਨ ਤੋਂ ਡਰਦੇ ਕਿਉਂ ਹਨ |
